Sunny Deol: ਬਾਲੀਵੁੱਡ ਅਭਿਨੇਤਾ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣੀ ਫਿਲਮ ਗਦਰ 2 ਦੀ ਪ੍ਰਮੋਸ਼ਨ ਦੌਰਾਨ ਭਾਰਤ-ਪਾਕਿਸਤਾਨ ਸਬੰਧਾਂ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਹੋਣੇ ਚਾਹੀਦੇ ਹਨ, ਕਿਉਂਕਿ ਦੋਵੇਂ ਪਾਸੇ ਇੱਕੋ ਜਿਹੇ ਲੋਕ ਰਹਿੰਦੇ ਹਨ। ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਚੰਗੇ ਸਬੰਧ ਚਾਹੁੰਦੇ ਹਨ। ਬੇਸ਼ੱਕ ਸੰਨੀ ਦਿਓਲ ਦੇ ਇਸ ਬਿਆਨ ਦੀ ਪ੍ਰਸੰਸਾ ਹੋ ਰਹੀ ਹੈ ਪਰ ਗੁਰਦਾਸਪੁਰ ਦੇ ਲੋਕ ਗੁੱਸੇ 'ਚ ਹਨ।
ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਵੋਟ ਪਾਉਣ ਵਾਲੇ ਲੋਕਾਂ ਨੂੰ ਭੁੱਲ ਗਏ ਹਨ। ਗੁਰਦਾਸਪੁਰ ਦੋ ਲੋਕਾਂ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਇਆ ਪਰ ਉਹ ਲੋਕ ਸਭਾ ਵਿੱਚ ਉਨ੍ਹਾਂ ਲੋਕਾਂ ਬਾਰੇ ਗੱਲ ਨਹੀਂ ਕਰਦੇ। ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਬਣਨ ਮਗਰੋਂ ਸੰਨੀ ਦਿਓਲ ਕਦੇ ਗੁਰਦਾਸਪੁਰ ਨਹੀਂ ਆਏ ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵੱਡ਼ੇ-ਵੱਡੇ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਹਲਕੇ ਲਈ ਕੀਤੇ ਕੰਮਾਂ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਵਿੱਚ ਜਦੋਂ ਵੀ ਕੋਈ ਆਫ਼ਤ ਆਈ ਤਾਂ ਸੰਨੀ ਦਿਓਲ ਆਪਣੇ ਹਲਕੇ ਵਿੱਚ ਵੀ ਨਹੀਂ ਆਏ। ਜਦੋਂਕਿ ਕਈ ਵਾਰ ਗੁਰਦਾਸਪੁਰ ਹਲਕੇ ਵਿੱਚ ਉਨ੍ਹਾਂ ਦੇ ਲਾਪਤਾ ਪੋਸਟਰ ਲਾਏ ਜਾ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਾਰਨ ਦੀ ਬਜਾਏ ਪਹਿਲਾਂ ਗੁਰਦਾਸਪੁਰ ਦੇ ਲੋਕਾਂ ਨਾਲ ਸਬੰਧ ਕਾਇਮ ਕਰਨੇ ਚਾਹੀਦੇ ਹਨ। ਗੁਰਦਾਸਪੁਰ ਦੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਇਹ ਭਾਰਤ ਸਰਕਾਰ ਦਾ ਕੰਮ ਹੈ ਕਿ ਉਹ ਸੋਚੇ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ।
ਲੋਕਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਐਮਪੀ ਬਣਾ ਕੇ ਤੋਬਾ ਕਰ ਰਹੇ ਹਾਂ। ਇਸ ਲਈ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਪਹਿਲੇ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਨੇ ਗੁਰਦਾਸਪੁਰ 'ਚ ਕਈ ਕੰਮ ਕਰਵਾਏ, ਉਨ੍ਹਾਂ ਨੂੰ ਵੀ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਨੂੰ ਯਾਦ ਰੱਖਣ।