ਪਣਜੀ: ਆਪਣੀ ਫਿਲਮ 'ਐਸ ਦੁਰਗਾ' ਦੇ ਭਾਰਤੀ ਅੰਤਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਨਾ ਹੋਣ ਤੋਂ ਭੜਕੇ ਫਿਲਮ ਦੇ ਨਿਰਦੇਸ਼ਕ ਸਨਲ ਕੁਮਾਰ ਸ਼ਸ਼ੀਧਰ ਨੇ ਕਿਹਾ ਕਿ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਜੋ ਚੀਜ਼ ਪਸੰਦ ਨਹੀਂ, ਉਹ ਉਸ ਨੂੰ ਤਬਾਹ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਆਈ.ਐਫ.ਐਫ.ਆਈ. ਦੇ ਖ਼ਤਮ ਹੋਣ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਸ਼ਸ਼ੀਧਰ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਬਿਲਕੁਲ ਨਾਖੁਸ਼ ਨਹੀਂ ਹਾਂ। ਬਲਕਿ, ਮੈਂ ਖੁਸ਼ ਹਾਂ ਕਿ ਮੇਰੀ ਫਿਲਮ ਨੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਇਹ ਸਮਝਾਉਣ ਵਿੱਚ ਮਦਦ ਕੀਤੀ ਹੈ ਜੋ ਪੁੱਛਦੇ ਹਨ ਕਿ ਜੇਕਰ ਸੰਘ ਸੱਤਾ ਵਿੱਚ ਆ ਜਾਂਦਾ ਹੈ ਤਾਂ ਕੀ ਸਮੱਸਿਆ ਹੈ?'' ਉਨ੍ਹਾਂ ਕਿਹਾ, ''ਇਹ ਸਾਬਤ ਹੋ ਗਿਆ ਹੈ ਕਿ ਜੋ ਸੱਤਾ ਵਿੱਚ ਹਨ, ਉਹ ਕਿਸੇ ਵੀ ਉਸ ਚੀਜ਼ ਨੂੰ ਤਬਾਹ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਹੈ।''
ਸ਼ਸ਼ੀਧਰ ਨੇ ਅੱਗੇ ਕਿਹਾ, ''ਉਹ ਆਪਣੇ ਮਤਲਬ ਲਈ ਕਾਨੂੰਨ ਦੀ ਦੁਰਵਰਤੋਂ ਕਰ ਸਕਦੇ ਹਨ ਜਾਂ ਅਦਾਲਤ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਉਹ ਆਪਣੇ ਸਹਿਯੋਗੀਆਂ ਨੂੰ ਭਰੋਸਾ ਦੇ ਸਕਦੇ ਹਨ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ ਭਾਵੇਂ ਉਹ ਅਦਾਲਤ ਦੇ ਹੁਕਮਾਂ ਦਾ ਪਾਲਣ ਵੀ ਨਾ ਕਰਨ। ਅਸਲ ਵਿੱਚ ਇਹ ਇੱਕ ਬਹੁਤ ਹੀ ਖ਼ਤਰਨਾਕ ਸੰਦੇਸ਼ ਹੈ।''
ਜ਼ਿਕਰਯੋਗ ਹੈ ਕਿ ਫਿਲਮ ਫੈਸਟੀਵਲ ਵਿੱਚ "ਐਸ ਦੁਰਗਾ" ਤੇ "ਨਿਊਡ" ਫਿਲਮ ਦਿਖਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸ਼ਸ਼ੀਧਰ ਨੇ ਕੇਰਲ ਹਾਈਕੋਰਟ ਵਿੱਚ ਅਪੀਲ ਕੀਤੀ ਸੀ। ਅਦਾਲਤ ਨੇ ਆਈ.ਐਫ.ਐਫ.ਆਈ. ਨੂੰ ਸੈਂਸਰ ਕਰਨ ਤੋਂ ਬਾਅਦ ਜਿਊਰੀ ਸਾਹਮਣੇ ਪ੍ਰਦਰਸ਼ਿਤ ਕੀਤੇ ਗਏ ਹਿੱਸੇ ਨੂੰ ਫੈਸਟੀਵਲ ਵਿੱਚ ਦਿਖਾਉਣ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਦੇ ਬਾਵਜੂਦ ਕੇਂਦਰੀ ਫਿਲਮ ਪ੍ਰਸਾਰਨ ਬੋਰਡ (ਸੀਬੀਐਫਸੀ) ਨੇ ਫੈਸਟੀਵਲ ਦੇ ਆਖਰੀ ਦਿਨ ਫਿਲਮ ਦੇ ਨਾਮ ਦੇ ਮੁੱਦੇ ਤੇ ਸਵਾਲ ਖੜ੍ਹੇ ਕਰਦਿਆਂ ਫਿਲਮ ਨੂੰ ਦਿਖਾਉਣ ਤੇ ਰੋਕ ਲਾ ਦਿੱਤੀ।
ਉਨ੍ਹਾਂ ਕਿਹਾ,''ਮੈਂ ਕਈ ਲੋਕਾਂ ਨੂੰ ਦੇਖਿਆ ਜੋ ਖੁੱਲੇ ਤੌਰ ਤੇ ਕਬੂਲਦੇ ਹਨ ਕਿ ਉਹ ਇਸ ਸਰਕਾਰ ਦੇ ਸਮਰਥਕ ਹਨ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਮੰਤਰਾਲੇ ਵਲੋਂ ਮੇਰੀ ਫਿਲਮ ਖਿਲਾਫ ਖੇਲੇ ਗਏ ਖੇਲ ਤੋਂ ਕਾਫੀ ਨਿਰਾਸ਼ ਤੇ ਦੁਖੀ ਹਨ।''