ਚੰਡੀਗੜ੍ਹ: ਵਿਵਾਦਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਨੂੰ ਅੱਜ ਬਹੁਤੇ ਦੇਸ਼ ਦੇ ਸੂਬਿਆਂ ਵਿੱਚ ਦਿਖਾਇਆ ਨਹੀਂ ਜਾ ਰਿਹਾ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲੇ ਤਕ ਗੁਜਰਾਤ ਦੇ ਇੱਕ ਸਿਨੇਮਾਘਰ ਵਿੱਚ ਇਸ ਫ਼ਿਲਮ ਨੂੰ ਦਿਖਾਇਆ ਜਾ ਸਕਦਾ ਹੈ। ਪੰਜਾਬ ਤੇ ਇਸ ਦੇ ਗੁਆਂਢੀ ਸੂਬਿਆਂ ਵਿੱਚ ਫ਼ਿਲਮ ਦੀ ਸਕਰੀਨਿੰਗ ਨਹੀਂ ਹੋਈ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨਿਰਮਾਤਾ ਹਰਿੰਦਰ ਸਿੱਕਾ ਫ਼ਿਲਮ ਨੂੰ ਰਿਲੀਜ਼ ਕਰਨ ਦੇ ਸਮਰੱਥ ਹਨ, ਪਰ ਹਾਲੇ ਤਕ ਪੰਜਾਬ, ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਤੇ ਹੋਰ ਵੀ ਕਈ ਸੂਬਿਆਂ ਵਿੱਚ ਹਾਲੇ ਤਕ ਇਸ ਫ਼ਿਲਮ ਦੇ ਸ਼ੋਅ ਸ਼ੁਰੂ ਨਹੀਂ ਕੀਤੇ ਗਏ। ਹਾਲਾਂਕਿ, ਨਿਰਮਾਤਾ ਪੱਖ ਤੋਂ ਫ਼ਿਲਮ ਦੀ ਰਿਲੀਜ਼ ਟਾਲੇ ਜਾਣ ਸਬੰਧੀ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਪਰ ਨਾਨਕ ਸ਼ਾਹ ਫ਼ਕੀਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਾਰੀ ਨਹੀਂ ਕੀਤਾ ਗਿਆ ਹੈ।
ਫ਼ਿਲਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ 'ਸਬਕ' ਸਿਖਾਉਣ ਲਈ ਬੀਤੇ ਕੱਲ੍ਹ ਪੰਜ ਸਿੰਘ ਸਾਹਿਬਾਨਾਂ ਨੇ ਅਕਾਲ ਤਖ਼ਤ ਵਿਖੇ ਹੋਈ ਬੈਠਕ ਤੋਂ ਬਾਅਦ ਪੰਥ ਵਿੱਚੋਂ ਵੀ ਛੇਕ ਦਿੱਤਾ ਹੈ। ਹਾਲੇ ਤਕ ਇਸ ਫ਼ਿਲਮ ਦੇ ਵਿਰੋਧ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।
ਉੱਧਰ ਵਿਵਾਦਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿੱਚ ਸਿੱਖ ਸੰਗਤ ਨੇ ਵੱਖਰੇ ਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਗਤਾਂ ਨੇ ਵੱਖ ਵੱਖ ਗੁਰੂ ਘਰਾਂ ਵਿੱਚ ਕਾਲੀਆਂ ਦਸਤਾਰਾਂ ਤੇ ਪੱਟੀਆਂ ਬੰਨ੍ਹ ਕੇ ਪਾਠ ਕਰ ਰਹੀਆਂ ਹਨ। ਪਟਿਆਲਾ ਤੋਂ ਸੰਗਤ ਨੇ ਐਲਾਨ ਕੀਤਾ ਕਿ ਨਾਨਕ ਸਾਹ ਫ਼ਕੀਰ ਫ਼ਿਲਮ ਦਾ ਵਿਰੋਧ ਵਿੱਚ ਦੁਪਹਿਰ ਤੋਂ ਬਾਦ ਰੋਸ ਮਾਰਚ ਵੀ ਕੱਢੇ ਜਾਣਗੇ।