ਚੰਡੀਗੜ੍ਹ: ਕੁਝ ਦਿਨ ਪਹਿਲਾਂ ਹੀ ਪੰਜਾਬੀ ਸਿੰਗਰ ਤੇ ਐਕਟਰ ਰੋਸ਼ਨ ਪ੍ਰਿੰਸ ਨੇ ਇਸ ਸਾਲ ਦੀ ਆਪਣੀ ਤੀਜੀ ਫ਼ਿਲਮ ਦਾ ਐਲਾਨ ਕੀਤਾ ਸੀ। ਰੋਸ਼ਨ ਪ੍ਰਿੰਸ ਨੇ ਇਸ ਸਾਲ ਆਪਣੀ ਐਂਟਰੀ ਬਾਕਸ-ਆਫਿਸ ‘ਤੇ ਫ਼ਿਲਮਾਂ ‘ਲਾਂਵਾਂ ਫੇਰੇ’ ਤੇ ‘ਸੁਬੇਦਾਰ ਜੋਗਿੰਦਰ ਸਿੰਘ’ ਨਾਲ ਕਰ ਲਈ ਹੈ। ਹੁਣ ਉਨ੍ਹਾਂ ਦੀ ਫਿਲਮ ‘ਰਾਂਝਾ ਰਿਫਿਊਜੀ’ ਆ ਰਹੀ ਹੈ। ਇਸ ਦੇ ਨਾਲ ਹੀ ‘ਲਾਂਵਾਂ ਫੇਰੇ’ ਫ਼ਿਲਮ ਦੇ ਮੇਕਰਸ ਨੇ ਫ਼ਿਲਮ ਦਾ ਸੀਕੂਅਲ ਬਣਾਉਣ ਦਾ ਵੀ ਐਲਾਨ ਕੀਤਾ ਹੈ ਜਿਸ ਦਾ ਨਾਂ ਹੋਵੇਗਾ ‘ਰਾਂਝਾ ਰੋਮੀਓ’।
ਆਪਣੀ ਫ਼ਿਲਮ ਦਾ ਨਾਂ ਦੱਸਣ ਤੋਂ ਬਾਅਦ ਇਸ ਸਿੰਗਰ ਤੇ ਐਕਟਰ ਨੇ ਫ਼ਿਲਮ ਬਾਰੇ ਕੁਝ ਹੋਰ ਜਾਣਕਾਰੀ ਦਿੱਤੀ ਹੈ। ਫਿਲਮ ‘ਰਾਂਝਾ ਰਿਫਿਊਜੀ’ ਕਾਮੇਡੀ ਹੋਵੇਗੀ। ਫ਼ਿਲਮ ਨੂੰ ਅਵਤਾਰ ਸਿੰਘ ਡਾਇਰੈਕਟ ਕਰਨਗੇ ਤੇ ਜੇਬੀ ਮੂਵੀਜ਼ ਪ੍ਰੋਡਿਊਸ ਕਰੇਗੀ। ਜਦੋਂਕਿ ਫ਼ਿਲਮ ਦਾ ਡਿਸਟ੍ਰੀਬਿਊਸ਼ਨ ਓਮਜੀ ਗਰੁੱਪ ਨੇ ਸਾਂਭਿਆ ਹੈ।
ਸ਼ਨੀਵਾਰ ਨੂੰ ਫ਼ਿਲਮ ਦੀ ਸਾਰੀ ਟੀਮ ਮਹੂਰਤ ‘ਤੇ ਮੌਜ਼ੂਦ ਰਹੀ। ਰੋਸ਼ਨ ਪ੍ਰਿੰਸ ਤੋਂ ਇਲਾਵਾ ਐਕਟਰ ਹਾਰਬੀ ਸੰਘਾ ਤੇ ਡਾਇਰੈਕਟਰ ਦੇ ਨਾਲ-ਨਾਲ ਫ਼ਿਲਮ ਦੇ ਪ੍ਰੋਡਿਊਸਰ ਵੀ ਮਹੂਰਤ ਸ਼ੂਟ ‘ਤੇ ਨਜ਼ਰ ਆਏ। ਫ਼ਿਲਮ ‘ਚ ਰੋਸ਼ਨ ਪ੍ਰਿੰਸ ਦੇ ਨਾਲ ਕਮਲਜੀਤ ਅਨਮੋਲ, ਸਾਨਵੀ ਧੀਮਾਨ, ਨਿਸ਼ਾ ਬਾਨੋ, ਮਲਕੀਤ ਰੌਨੀ, ਰੁਪਿੰਦਰ ਰੂਪੀ ਤੇ ਤਾਰਾ ਬੈਨੀਪਾਲ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ।