Rajinikanth drinking problem: ਸੂਪਰ ਸਟਾਰ ਰਜਨੀਕਾਂਤ ਨੇ ਖੁਲਾਸਾ ਕੀਤਾ ਹੈ ਕਿ ਜੇ ਸ਼ਰਾਬ ਨਾ ਹੁੰਦੀ ਤਾਂ ਉਹ ਹੋਰ ਵੱਡੇ ਸੁਪਰਸਟਾਰ ਹੁੰਦੇ। ਸੁਪਰਸਟਾਰ ਰਜਨੀਕਾਂਤ ਨੇ ਆਪਣੀ ਸ਼ਰਾਬ ਪੀਣ ਦੀ ਸਮੱਸਿਆ 'ਤੇ ਬੋਲਦਿਆਂ ਕਿਹਾ ਕਿ ਉਹ ਸਮਾਜ ਦੀ ਬਿਹਤਰ ਸੇਵਾ ਕਰ ਸਕਦੇ ਸੀ। ਇਹ ਖੁਲਾਸਾ ਉਨ੍ਹਾਂ ਨੇ ਹਾਲ ਹੀ 'ਚ ਚੇਨਈ 'ਚ ਫਿਲਮ 'ਜੇਲਰ' ਦੇ ਆਡੀਓ ਲਾਂਚ ਈਵੈਂਟ ਦੌਰਾਨ ਕੀਤਾ।


ਇਸ ਮੌਕੇ ਅਦਾਕਾਰ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਤਮਿਲ ਸੁਪਰਸਟਾਰ ਨੇ ਆਪਣੀ ਸ਼ਰਾਬ ਪੀਣ ਦੀ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ ਤੇ ਇਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦੱਸਿਆ। ਇਸ ਦੌਰਾਨ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਰਾਬ ਦੀ ਦੁਰਵਰਤੋਂ ਨਾ ਕਰਨ ਬਲਕਿ ਜ਼ਿੰਮੇਵਾਰੀ ਨਾਲ ਇਸ ਦਾ ਆਨੰਦ ਲੈਣ ਦੀ ਨਸੀਹਤ ਦਿੱਤੀ।


ਉਨ੍ਹਾਂ ਕਿਹਾ, ਜੇਕਰ ਮੇਰੀ ਜ਼ਿੰਦਗੀ 'ਚ ਸ਼ਰਾਬ ਨਾ ਹੁੰਦੀ ਤਾਂ ਮੈਂ ਸਮਾਜ ਦੀ ਬਿਹਤਰ ਸੇਵਾ ਕਰ ਸਕਦਾ ਸੀ। ਸ਼ਰਾਬ ਪੀਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸ਼ਰਾਬ ਨਾ ਹੁੰਦੀ ਤਾਂ ਉਹ ਆਪਣੇ ਕਰੀਅਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਸੀ ਤੇ ਅੱਜ ਦੇ ਮੁਕਾਬਲੇ ਬਹੁਤ ਵੱਡੇ ਸਟਾਰ ਬਣ ਜਾਂਦੇ।


ਰਜਨੀਕਾਂਤ ਨੇ 2018 'ਚ ਰਿਲੀਜ਼ ਹੋਈ ਆਪਣੀ ਫਿਲਮ 'ਕਾਲਾ' 'ਚ ਸ਼ਰਾਬਬੰਦੀ ਬਾਰੇ ਗੱਲ ਕੀਤੀ ਸੀ। ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਸ਼ਰਾਬੀ ਹਾਲਤ ਵਿੱਚ ਆਪਣੀ ਲਾਪ੍ਰਵਾਹੀ ਕਾਰਨ ਆਪਣੀ ਪਤਨੀ ਨੂੰ ਗੁਆ ਦਿੰਦਾ ਹੈ। ਇਹ ਪਹਿਲੀ ਵਾਰ ਸੀ ਜਦੋਂ ਅਭਿਨੇਤਾ ਨੇ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕੀਤੀ ਸੀ। ਪਹਿਲਾਂ ਤੱਕ ਉਹ ਸ਼ਰਾਬ ਤੇ ਸਿਗਰਟ ਨੂੰ ਸਟਾਈਲ ਸਟੇਟਮੈਂਟ ਵਜੋਂ ਪੇਸ਼ ਕਰਦੇ ਸੀ।


ਇਸ ਤੋਂ ਇਲਾਵਾ ਰਜਨੀਕਾਂਤ ਨੇ ਈਵੈਂਟ 'ਚ ਮਿਲੇ 'ਸੁਪਰਸਟਾਰ' ਖਿਤਾਬ ਬਾਰੇ ਵੀ ਗੱਲ ਕੀਤੀ। ਅਦਾਕਾਰ ਨੇ ਕਿਹਾ ਕਿ ਉਹ ਆਪਣੇ ਨਾਂ ਤੋਂ ਇਹ ਖਿਤਾਬ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਮੇਕਰਸ ਨੂੰ ਇਸ ਟਾਈਟਲ ਨੂੰ ਹਟਾਉਣ ਲਈ ਵੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।


ਇਸ ਤੋਂ ਇਲਾਵਾ ਰਜਨੀ ਨੇ ਈਵੈਂਟ 'ਚ 'ਜੇਲਰ' ਨਿਰਦੇਸ਼ਕ ਨੈਲਸਨ ਦੀ ਪਿਛਲੀ ਫਿਲਮ 'ਬੀਸਟ' ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਿਜੇ ਸਟਾਰਰ ਫਿਲਮ 'ਬੀਸਟ' ਲਈ ਆਲੋਚਕਾਂ ਤੇ ਦਰਸ਼ਕਾਂ ਨੇ ਨਿਰਦੇਸ਼ਕ ਨੈਲਸਨ ਦੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਚਰਚਾ ਸੀ ਕਿ ਨੈਲਸਨ ਨੂੰ 'ਜੇਲਰ' ਤੋਂ ਹਟਾ ਦਿੱਤਾ ਜਾਵੇਗਾ ਪਰ ਉਹ ਨੈਲਸਨ 'ਤੇ ਵਿਸ਼ਵਾਸ ਜਤਾਉਂਦੇ ਰਹੇ। ਦੂਜੇ ਪਾਸੇ 'ਬੀਸਟ' ਵੀ ਆਲੋਚਨਾ ਦੇ ਬਾਵਜੂਦ ਹਿੱਟ ਹੋ ਗਈ ਤੇ ਵਿਤਰਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।


ਫਿਲਮ ਜੇਲਰ ਨੈਲਸਨ ਦਿਲੀਪ ਕੁਮਾਰ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ 'ਚ ਰਜਨੀਕਾਂਤ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਤੋਂ ਇਲਾਵਾ ਇਸ 'ਚ ਜੈਕੀ ਸ਼ਰਾਫ, ਤਮੰਨਾ ਭਾਟੀਆ, ਮੋਹਨ ਲਾਲ, ਰਾਮਿਆ ਕ੍ਰਿਸ਼ਨਨ ਤੇ ਯੋਗੀ ਬਾਬੂ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 10 ਅਗਸਤ ਨੂੰ ਰਿਲੀਜ਼ ਹੋਣੀ ਹੈ।