Chris Evans named Sexiest Man Alive For 2022: ਮਾਰਵਲ ਦੀਆਂ ਐਵੇਂਜਰਜ਼ ਫ਼ਿਲਮਾਂ ਦੀ ਦੀਵਾਨਗੀ ਪੂਰੀ ਦੁਨੀਆ ਵਿੱਚ ਹੈ। ਜੇ ਤੁਸੀਂ ‘ਐਵੇਂਜਰਜ਼’ ਫ਼ਿਲਮਾਂ ਦੇਖੀਆਂ ਹਨ ਤਾਂ ਤੁਸੀਂ ਜ਼ਰੂਰ ਕੈਪਟਨ ਅਮਰੀਕਾ ਯਾਨਿ ਸਟੀਵ ਰੋਜਰਸ ਉਰਫ਼ ਕ੍ਰਿਸ ਇਵਾਨਸ ਨੂੰ ਜਾਣਦੇ ਹੋਵੋਗੇ। ਕੈਪਟਨ ਅਮੈਰੀਕਾ ਐਵੇਂਜਰਜ਼ ਦੇ ਸਭ ਤੋਂ ਪਾਵਰਫੁੱਲ ਸੁਪਰਹੀਰੋਜ਼ ‘ਚੋਂ ਇੱਕ ਹੈ। ਕ੍ਰਿਸ ਨੂੰ ਹਾਲ ਹੀ ‘ਚ 2022 ਦੇ ਦੁਨੀਆ ਦੇ ਸਭ ਤੋਂ ਸੈਕਸੀ ਆਦਮੀ ਦਾ ਦਰਜਾ ਮਿਲਿਆ ਹੈ। 2021 ‘ਚ ਇਹ ਖਿਤਾਬ ਪੌਲ ਰੱਡ ਨੂੰ ਮਿਲਿਆ ਸੀ।









ਰਿਪੋਰਟ ਦੇ ਮੁਤਾਬਕ ਮਸ਼ਹੂਰ ਮੈਗਜ਼ੀਨ ‘ਪੀਪਲ’ ਹਰ ਸਾਲ ਕਿਸੇ ਇੱਕ ਪ੍ਰਸਿੱਧ ਸ਼ਖਸੀਅਤ ਨੂੰ ਦੁਨੀਆ ਦੇ ਸਭ ਤੋਂ ਸੈਕਸੀ ਆਦਮੀ ਦਾ ਖਿਤਾਬ ਦਿੰਦਾ ਹੈ। ਇਸ ਸਾਲ ਕ੍ਰਿਸ ਨੂੰ ਇਹ ਖਿਤਾਬ ਮਿਲਿਆ ਹੈ। ਉੱਧਰ, ਕ੍ਰਿਸ ਨੇ ਇਹ ਖਿਤਾਬ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਆਪਣੇ ਬਿਆਨ ‘ਚ ਕ੍ਰਿਸ ਨੇ ਕਿਹਾ, “ਮੈਂ ਪੂਰੀ ਨਿਮਰਤਾ ਨਾਲ ਸ਼ੁਕਰਗੁਜ਼ਾਰ ਹਾਂ ਕਿ ਪੀਪਲ ਮੈਗਜ਼ੀਨ ਨੇ ਇਸ ਸਾਲ ਮੈਨੂੰ ਇਹ ਲਾਜਵਾਬ ਖਿਤਾਬ ਦਿੱਤਾ ਹੈ।” ਇਸ ਦੇ ਨਾਲ ਹੀ ਕ੍ਰਿਸ ਨੇ ਇਹ ਵੀ ਕਿਹਾ ਕਿ “ਜਦੋਂ ਮੇਰੀ ਮਾਂ ਨੂੰ ਪਤਾ ਲੱਗੇਗਾ ਤਾਂ ਉਹ ਬਹੁਤ ਖੁਸ਼ ਹੋਵੇਗੀ।”






ਦਸ ਦਈਏ ਕਿ 2021 ਵਿੱਚ ਇਹ ਖਿਤਾਬ ਅਮਰੀਕਨ ਐਕਟਰ ਪੌਲ ਰੱਡ ਕੋਲ ਸੀ। ਹੁਣ ਕ੍ਰਿਸ ਇਵਾਨਸ ਨੇ ਪੌਲ ਕੋਲੋਂ ਇਹ ਖਿਤਾਬ ਖੋਹ ਲਿਆ ਹੈ। ਦੱਸ ਦਈਏ ਕਿ ਪੌਲ ਰੱਡ ਵੀ ਮਾਰਵਲ ਦੀਆਂ ਫ਼ਿਲਮਾਂ ‘ਚ ਸੁਪਰਹੀਰੋ ਦਾ ਕਿਰਦਾਰ ਨਿਭਾਉਂਦੇ ਹਨ। ਉਹ ਪ੍ਰਸ਼ੰਸਕਾਂ ਵਿਚਾਲੇ ਐਂਟ ਮੈਨ ਜਾਂ ਸਕੌਟ ਲੈਂਗ ਵਜੋਂ ਮਸ਼ਹੂਰ ਹਨ।






ਉਹ ‘ਐਂਟ ਮੈਨ ਐਂਡ ਦ ਵਾਸਪ’ ਅਤੇ ਐਵੇਂਜਰਜ਼ ਫ਼ਿਲਮਾਂ ‘ਚ ਨਜ਼ਰ ਆਏ ਹਨ। 2023 ਵਿੱਚ ਉਨ੍ਹਾਂ ਦੀ ਫ਼ਿਲਮ ‘ਐਂਟ ਮੈਨ ਐਂਡ ਦ ਵਾਸਪ- ਕੁਆਂਟਾਮੇਨੀਆ’ ਰਿਲੀਜ਼ ਹੋਣ ਜਾ ਰਹੀ ਹੈ। ਪੂਰੀ ਦੁਨੀਆ ‘ਚ ਮਾਰਵਲ ਫ਼ੈਨ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ।