Ranjit Ranjan Raised Questions On Animal: ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਫਿਲਮ 'ਐਨੀਮਲ' ਇਨ੍ਹੀਂ ਦਿਨੀਂ ਬਾਕਸ ਆਫਿਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਧੂਮ ਮਚਾ ਰਹੀ ਹੈ। ਇੱਕ ਪਾਸੇ ਜਿੱਥੇ ਅਦਾਕਾਰ ਦੇ ਪ੍ਰਸ਼ੰਸਕ ਫਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਦੂਜੇ ਪਾਸੇ ਇੱਕ ਵਰਗ ਅਜਿਹਾ ਵੀ ਹੈ ਜੋ ਫਿਲਮ ਵਿੱਚ ਦਿਖਾਈ ਗਈ ਹਿੰਸਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਅਤੇ ਉਹ ਫਿਲਮ ਦੀ ਸਖ਼ਤ ਆਲੋਚਨਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਕਾਂਗਰਸੀ ਸੰਸਦ ਮੈਂਬਰ ਰਣਜੀਤ ਰੰਜਨ ਹਨ। ਜੋ ਰਾਜ ਸਭਾ ਵਿੱਚ ਫਿਲਮ ਦਾ ਮੁੱਦਾ ਉਠਾਉਂਦੇ ਨਜ਼ਰ ਆਏ।
ਸਿਨੇਮਾ ਸਮਾਜ ਦਾ ਸ਼ੀਸ਼ਾ ਹੈ-ਰਣਜੀਤ ਰੰਜਨ
ਰਣਜੀਤ ਰੰਜਨ ਨੇ ਰਾਜ ਸਭਾ 'ਚ ਕਿਹਾ, ''ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਅਸੀਂ ਫਿਲਮਾਂ ਦੇਖ ਕੇ ਵੱਡੇ ਹੋਏ ਹਾਂ ਅਤੇ ਸਿਨੇਮਾ ਦਾ ਸਾਡੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਹੈ। ਖਾਸ ਕਰਕੇ ਨੌਜਵਾਨਾਂ ਦੀ ਜ਼ਿੰਦਗੀ 'ਤੇ। ਅੱਜਕੱਲ੍ਹ ਕੁਝ ਅਜਿਹੀਆਂ ਫ਼ਿਲਮਾਂ ਆ ਰਹੀਆਂ ਹਨ, ਤੁਸੀਂ 'ਕਬੀਰ ਸਿੰਘ' ਤੋਂ ਸ਼ੁਰੂ ਕਰੋ, 'ਪੁਸ਼ਪਾ' ਤੋਂ ਸ਼ੁਰੂ ਕਰੋ ਅਤੇ ਹੁਣ 'ਐਨੀਮਲ' ਨਾਮ ਦੀ ਫਿਲਮ ਚਰਚਾ ਵਿੱਚ ਹੈ।
'ਮੇਰੀ ਬੇਟੀ ਰੋਂਦੀ ਹੋਈ ਥੀਏਟਰ ਤੋਂ ਬਾਹਰ ਆਈ'
ਰਾਜ ਸਭਾ 'ਚ ਰਣਜੀਤ ਰੰਜਨ ਨੇ 'ਐਨੀਮਲ' ਫਿਲਮ 'ਤੇ ਰੱਜ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ, “ਮੇਰੀ ਧੀ ਕਾਲਜ ਦੇ ਦੂਜੇ ਸਾਲ ਵਿੱਚ ਪੜ੍ਹਦੀ ਹੈ। ਉਹ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਗਈ ਸੀ, ਪਰ ਉਨ੍ਹਾਂ ਸਾਰਿਆਂ ਨੂੰ ਅੱਧੀ ਫਿਲਮ ਛੱਡ ਕੇ ਰੋਂਦੇ ਹੋਏ ਵਾਪਸ ਆਉਣਾ ਪਿਆ। ਫਿਲਮ ਵਿੱਚ ਔਰਤਾਂ ਪ੍ਰਤੀ ਇੰਨੀ ਹਿੰਸਾ ਅਤੇ ਬੇਇਨਸਾਫੀ ਨੂੰ ਜਾਇਜ਼ ਠਹਿਰਾਉਣਾ ਸੋਚਣ ਵਾਲੀ ਗੱਲ ਹੈ।
'ਅਜਿਹੀਆਂ ਫਿਲਮਾਂ ਤੋਂ ਪ੍ਰੇਰਨਾ ਲੈ ਕੇ ਹੁੰਦੇ ਹਨ ਅਪਰਾਧ'
ਰਣਜੀਤ ਰੰਜਨ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਅੱਗੇ ਕਿਹਾ, ''ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਕਿ 11ਵੀਂ ਅਤੇ 12ਵੀਂ 'ਚ ਪੜ੍ਹਦੇ ਸਾਡੇ ਬੱਚੇ ਅਜਿਹੀਆਂ ਤਸਵੀਰਾਂ 'ਚ ਦਿਖਾਏ ਗਏ ਨਾਇਕਾਂ ਨੂੰ ਰੋਲ ਮਾਡਲ ਮੰਨਣ ਲੱਗ ਪਏ ਹਨ। ਅਸੀਂ ਅਕਸਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਦੇਖਦੇ ਹਾਂ ਜਿਨ੍ਹਾਂ ਦੀ ਪ੍ਰੇਰਨਾ ਉਹ ਫਿਲਮਾਂ ਤੋਂ ਲੈ ਕੇ ਆਉਂਦੇ ਹਨ।
ਫਿਲਮ ਦੇ ਗੀਤ 'ਗੰਡਾਸੀ' 'ਤੇ ਵੀ ਸਵਾਲ ਚੁੱਕੇ ਗਏ
ਰਣਜੀਤ ਨੇ ਕਿਹਾ ਕਿ ਪੰਜਾਬ ਦਾ ਉੱਚ ਦਰਜੇ ਦਾ ਇਤਿਹਾਸ ਰਿਹਾ ਹੈ। ਪਰ ਫਿਲਮ ਦੀ ਪਿੱਠਭੂਮੀ 'ਚ 'ਗੰਡਾਸੀ ਮਾਰੀ' ਗੀਤ ਦਿਖਾ ਕੇ ਤੁਸੀਂ ਸਾਡੇ ਵਿਸ਼ਵਾਸ ਨੂੰ ਵੀ ਠੇਸ ਪਹੁੰਚਾ ਰਹੇ ਹੋ। ਇਸ ਤੋਂ ਇਲਾਵਾ ਇਕ ਲੜਕਾ ਹੋਸਟਲਾਂ ਅਤੇ ਇਮਾਰਤਾਂ ਵਿਚ ਹਥਿਆਰਾਂ ਨਾਲ ਲੋਕਾਂ ਨੂੰ ਮਾਰਦਾ ਹੈ ਅਤੇ ਕੋਈ ਕਾਨੂੰਨ ਉਸ ਨੂੰ ਸਜ਼ਾ ਨਹੀਂ ਦਿੰਦਾ। ਅਸੀਂ ਫਿਲਮ 'ਚ ਹਿੰਸਾ ਤੇ ਕਾਨੂੰਨ ਦੀ ਉਲੰਘਣਾ ਨੂੰ ਜਾਇਜ਼ ਠਹਿਰਾ ਰਹੇ ਹਾਂ।”
ਸੈਂਸਰ ਬੋਰਡ ਕਿਵੇਂ ਅਜਿਹੀਆਂ ਫਿਲਮਾਂ ਨੂੰ ਕਰ ਰਿਹਾ ਪ੍ਰਮੋਟ- ਰਣਜੀਤ ਰੰਜਨ
ਰਣਜੀਤ ਰੰਜਨ ਨੇ ਇਹ ਸਵਾਲ ਵੀ ਉਠਾਇਆ ਕਿ ਸੈਂਸਰ ਬੋਰਡ ਅਜਿਹੀਆਂ ਫਿਲਮਾਂ ਨੂੰ ਕਿਵੇਂ ਪ੍ਰਮੋਟ ਕਰ ਰਿਹਾ ਹੈ। ਇਹੋ ਜਿਹੀਆਂ ਫਿਲਮਾਂ ਕਿੰਝ ਪਾਸ ਕੀਤੀਆਂ ਜਾ ਰਹੀਆਂ ਹਨ ਜੋ ਸਾਡੇ ਸਮਾਜ ਲਈ ਇੱਕ ਰੋਗ ਹਨ। ਅਜਿਹੀਆਂ ਫਿਲਮਾਂ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: ਨਹੀਂ ਰਹੇ ਜੂਨੀਅਰ ਮਹਿਮੂਦ, 67 ਦੀ ਉਮਰ 'ਚ ਲਏ ਆਖਰੀ ਸਾਹ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ