ਅਮੈਲੀਆ ਪੰਜਾਬੀ ਦੀ ਰਿਪੋਰਟ


Cuttputli Film: ਅਕਸ਼ੇ ਕੁਮਾਰ ਸਟਾਰਰ ਫ਼ਿਲਮ `ਕਠਪੁਤਲੀ` ਓਟੀਟੀ ਪਲੇਟਫ਼ਾਰਮ ਡਿਜ਼ਨੀ ਪਲੱਸ ਹੌਟਸਟਾਰ ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਜ਼ਿਆਦਾਤਰ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬੀਆਂ ਲਈ ਵੀ ਇਹ ਫ਼ਿਲਮ ਖਾਸ ਹੈ। ਕਿਉਂਕਿ ਪੰਜਾਬੀ ਇੰਡਸਟਰੀ ਦੀ ਸੁਪਰਸਟਾਰ ਸਰਗੁਣ ਮਹਿਤਾ ਦੀ ਇਹ ਪਹਿਲੀ ਬਾਲੀਵੁੱਡ ਫ਼ਿਲਮ ਹੈ। ਜਿਸ ਵਿੱਚ ਅਦਾਕਾਰਾ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਮਹਿਤਾ ਨੇ ਫ਼ਿਲਮ ਚ ਐਸਐਚਓ ਗੁਡੀਆ ਪਰਮਾਰ ਦੀ ਭੂਮਿਕਾ ਨਿਭਾਈ ਹੈ। ਸਰਗੁਣ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ `ਚ ਛਾਈ ਹੋਈ ਹੈ। ਚਾਰੇ ਪਾਸੇ ਸਰਗੁਣ ਦੇ ਕਿਰਦਾਰ ਦੀ ਤਾਰੀਫ਼ ਹੋ ਰਹੀ ਹੈ। 


ਫ਼ਿਲਮ `ਚ ਸਰਗੁਣ ਮਹਿਤਾ ਦੇ ਨਾਲ ਨਾਲ ਹੋਰ ਕਈ ਪੰਜਾਬੀ ਕਲਾਕਾਰ ਹਨ। ਗੁਰਪ੍ਰੀਤ ਘੁੱਗੀ ਨੇ ਵੀ ਇਸ ਫ਼ਿਲਮ `ਚ ਕਾਂਸਟੇਬਲ ਦੀ ਭੂਮਿਕਾ ਨਿਭਾਈ ਹੈ। ਪਰ ਫ਼ਿਲਮ `ਚ ਘੁੱਗੀ ਕੋਲ ਕਰਨ ਲਈ ਕੁੱਝ ਖਾਸ ਨਹੀਂ ਸੀ। ਇਸ ਦੇ ਨਾਲ ਹੀ ਘੁੱਗੀ ਦੇ ਜ਼ਿਆਦਾ ਡਾਇਲੌਗ ਵੀ ਨਹੀਂ ਹਨ। ਇੰਜ ਲੱਗਦਾ ਹੈ ਕਿ ਘੁੱਗੀ ਬੱਸ ਫ਼ਿਲਮ `ਚ ਸਾਈਡ ਰੋਲ ਕਰ ਰਹੇ ਹਨ। ਪਰ ਸਰਗੁਣ ਮਹਿਤਾ ਨੇ ਆਪਣੀ ਐਕਟਿੰਗ ਤੇ ਕਿਰਦਾਰ ਨਾਲ ਮਹਿਫ਼ਿਲ ਲੁੱਟ ਲਈ ਹੈ। ਪੁਲਿਸ ਦੀ ਵਰਦੀ `ਚ ਸਰਗੁਣ ਖੂਬ ਜੱਚਦੀ ਹੈ। 


ਆਪਣੇ ਕਿਰਦਾਰ ਨੂੰ ਮਿਲ ਰਹੀ ਤਾਰੀਫ਼ ਤੋਂ ਸਰਗੁਣ ਮਹਿਤਾ ਕਾਫ਼ੀ ਖੁਸ਼ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਉਨ੍ਹਾਂ ਦੇ ਫ਼ੈਨਜ਼ ਸਰਗੁਣ ਦੇ ਕਿਰਦਾਰ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। 


ਇੱਕ ਫ਼ੈਨ ਨੇ ਕਿਹਾ ਕਿ ਕਠਪੁਤਲੀ ਫ਼ਿਲਮ ਕਮਾਲ ਦੀ। ਖਾਸ ਕਰਕੇ ਸਰਗੁਣ ਮਹਿਤਾ, ਜਿਸ ਨੇ ਮੈਨੂੰ ਆਪਣੀ ਐਕਟਿੰਗ ਦਾ ਮੁਰੀਦ ਬਣਾ ਲਿਆ ਹੈ।




ਇੱਕ ਹੋਰ ਫ਼ੈਨ ਨੇ ਕਿਹਾ ਕਿ ਸਰਗੁਣ ਮਹਿਤਾ ਆਪਣੇ ਕਿਰਦਾਰ `ਚ ਜੱਚ ਰਹੀ ਹੈ। ਕਮਾਲ ਦੀ ਐਕਟਿੰਗ।




ਕਾਬਿਲੇਗ਼ੌਰ ਹੈ ਕਿ ਕਠਪੁਤਲੀ ਫ਼ਿਲਮ ਇੱਕ ਕ੍ਰਾਈਮ ਥ੍ਰਿਲਰ ਹੈ। ਜੋ ਕਿ 2 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਕਹਾਣੀ ਹਿਮਾਚਲ ਦੇ ਕਸੌਲੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ `ਚ ਇੱਕ ਸੀਰੀਅਲ ਕਿੱਲਰ (ਕਾਤਲ) ਸਕੂਲ ਦੀਆਂ ਮਾਸੂਮ ਲੜਕੀਆਂ ਨੂੰ ਬੇਰਹਿਮੀ ਨਾਲ ਮਾਰਦਾ ਹੈ ਤੇ ਸਰਗੁਣ ਅਕਸ਼ੇ ਤੇ ਉਨ੍ਹਾਂ ਦੀ ਪੂਰੀ ਪੁਲਿਸ ਟੀਮ ਇਸ ਕਾਤਲ ਨੂੰ ਫੜਨ ਲਈ ਦਿਨ ਰਾਤ ਇੱਕ ਕਰ ਦਿੰਦੀ ਹੈ।