ਚੰਡੀਗੜ੍ਹ: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਰੋਮਾਂਟਿਕ ਕਾਮੇਡੀ ਪੰਜਾਬੀ ਫ਼ਿਲਮ ‘ਛੜਾ’ ਦਾ ਪ੍ਰਮੋਸ਼ਨ ਕਰਨ ਲਈ ਦਿੱਲੀ ਪਹੁੰਚੇ। ਨਵੀਂ ਦਿੱਲੀ ਦੇ ਇੱਕ ਹੋਟਲ ‘ਚ ਦੋਵਾਂ ਕਲਾਕਾਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ‘ਚ ਉਨ੍ਹਾਂ ਨੇ ਫ਼ਿਲਮ ਨਾਲ ਜੁੜੀਆਂ ਗੱਲਾਂ ਮੀਡੀਆ ਨੂੰ ਦੱਸੀਆਂ।

ਫ਼ਿਲਮ ‘ਛੜਾ’ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਆਪਣੇ ਮਾਂ-ਪਿਓ ਦੇ ਦਬਾਅ ‘ਚ ਆਪਣੇ ਆਦਰਸ਼ ਜੀਵਨ ਸਾਥੀ ਦੀ ਭਾਲ ਕਰਦਾ ਹੈ। ਏਐਂਡਏ ਅਡਵਾਈਜਰ ਤੇ ਬ੍ਰੈਟ ਫ਼ਿਲਮਸ ਦੇ ਬੈਨਰ ਹੇਠ ਬਣੀ ਤੇ ਦਿਲਜੀਤ ਦੋਸਾਂਝ-ਨੀਰੂ ਬਾਜਵਾ ਦੀ ਮੁੱਖ ਭੂਮਿਕਾਵਾਂ ਨਾਲ ਸਜੀ ਫ਼ਿਲਮ ਦਾ ਡਾਇਰੈਕਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ।



ਪ੍ਰੈੱਸ ਕਾਨਫਰੰਸ ‘ਚ ਦਿਲਜੀਤ ਨੇ ਫ਼ਿਲਮ ਦੇ ਟਾਈਟਲ ਦਾ ਮਤਲਬ ਵੀ ਦੱਸਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਕਿਹਾ, “ਫ਼ਿਲਮ ‘ਚ ਮੈਂ ਵਿਆਹ ਸਮਾਗਮਾਂ ਦੇ ਫੋਟੋਗ੍ਰਾਫਰ ਦਾ ਰੋਲ ਕੀਤਾ ਹੈ, ਜਦਕਿ ਨੀਰੂ ਬਾਜਵਾ ਨੇ ਇੱਕ ਵੈਡਿੰਗ ਪਲਾਨਰ ਦਾ ਕਿਰਦਾਰ ਕੀਤਾ ਹੈ। ਇਸ ਕਿਰਦਾਰ ਨੂੰ ਨਿਭਾਉਣ ਲਈ ਮੈਂ ਆਪਣੇ ਇੱਕ ਦੋਸਤ ਦੀ ਮਦਦ ਲਈ ਜੋ ਖੁਦ ਇੱਕ ਵੈਡਿੰਗ ਵੀਡੀਓ-ਗ੍ਰਾਫਰ ਹੈ।”

ਐਕਟਰਸ ਨੀਰੂ ਨੇ ਦਿਲਜੀਤ ਦੀ ਤਾਰੀਫ ਕਰਦੇ ਹੋਏ ਕਿਹਾ, “ਮੈਨੂੰ ਹਮੇਸ਼ਾ ਦੀ ਤਰ੍ਹਾਂ ‘ਛੜਾ’ ‘ਚ ਵੀ ਦਿਲਜੀਤ ਨਾਲ ਕੰਮ ਕਰਨ ‘ਚ ਮਜ਼ਾ ਆਇਆ। ਇਹ ਸਾਡੀ ਇਕੱਠਿਆਂ ਦੀ ਛੇਵੀਂ ਫ਼ਿਲਮ ਹੈ ਤੇ ਮੈਂ ਦਿਲਜੀਤ ਨੂੰ ਅਜੇ ਵੀ ਉਸੇ ਤਰ੍ਹਾਂ ਦੇਖਿਆ ਹੈ ਜਿਵੇਂ ਉਹ ਪਹਿਲਾਂ ਹੁੰਦਾ ਸੀ।”