Gal Sunoh Punjabi Dosto: ਪੰਜਾਬੀ ਸੰਗੀਤ ਦੇ ਬਾਬਾ ਬੋਹੜ ਕਹੇ ਜਾਂਦੇ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋ ਗਿਆ ਹੈ। ਇਸ ਗੀਤ `ਚ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਰਿਹਾ ਹੈ। ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ `ਚ ਲਗਾਏ ਗਏ ਨਾਹਰਿਆਂ ਤੋਂ ਹੁੰਦੀ ਹੈ। ਇਸ ਦੇ ਨਾਲ ਨਾਲ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ। ਪਹਿਲੇ ਦੋ ਮਿੰਟ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ਤੇ ਲਗਾਏ ਹਨ।
2 ਮਿੰਟ ਦੇ ਇੰਟਰੋ ਬਾਅਦ ਗੀਤ ਸ਼ੁਰੂ ਹੁੰਦਾ ਹੈ। ਇਸ ਗੀਤ `ਚ ਗੁਰਦਾਸ ਮਾਨ ਆਪਣੀ ਪੁਰਾਣੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ।ਗੀਤ `ਚ ਮਾਨ ਪੰਜਾਬੀਆਂ ਨੂੰ `ਪੰਜਾਬੀ ਬੋਲੀ ਦੇ ਠੇਕੇਦਾਰ` ਕਹਿੰਦੇ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਇਸ ਗੀਤ `ਚ ਪੰਜਾਬੀਆਂ ਤੇ ਤਿੱਖੇ ਤੰਜ ਕਸਦੇ ਨਜ਼ਰ ਆ ਰਹੇ ਹਨ।
ਇਸ ਗੀਤ ਨੂੰ ਰਿਲੀਜ਼ ਕਰਨ ਦੇ ਨਾਲ ਯੂਟਿਊਬ ਦੇ ਡਿਸਕ੍ਰਿਪਸ਼ਨ `ਚ ਡਿਸਕਲੇਮਰ ਵੀ ਦਿੱਤਾ ਗਿਆ ਹੈ। ਇਸ ਵਿੱਚ ਮਾਨ ਵੱਲੋਂ ਲਿਖਿਆ ਗਿਆ ਹੈ, "ਇਸ ਰਚਨਾ ਵਿੱਚ ਵਿਖਾਏ ਗਏ ਗੀਤ, ਗੀਤ ਦੇ ਬੋਲ ਤੇ ਕਹਾਣੀ ਕਾਲਪਨਿਕ ਹਨ। ਜੇਹੜੇ ਵੀ ਨਾਮ, ਕਿਰਦਾਰ, ਤੇ ਘਟਨਾ ਪ੍ਰਸਤੁਤ ਕੀਤੀ ਗਈ ਹਨ ਓਹ ਕਾਲਪਨਿਕ ਹਨ। ਵਾਸਤਵਿਕਤਾ ਵਿੱਚ ਇਸ ਦਾ ਕਿਸੀ ਇਨਸਾਨ (ਜੀਵੀਤ ਜਾਂ ਮ੍ਰਿਤ), ਜਗਾਹ, ਸੰਸਥਾਨ ਤੇ ਸਾਮਾਨ ਨਾਲ ਕੋਈ ਸਮਬੰਧ ਨਹੀਂ ਹੈਗਾ।"
ਗੁਰਦਾਸ ਮਾਨ ਨੇ ਕੁੱਝ ਦਿਨ ਪਹਿਲਾਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਨਾਲ ਪੋਸਟਰ ਸ਼ੇਅਰ ਕੀਤਾ ਸੀ, ਗੀਤ ਦੇ ਪੋਸਟਰ `ਤੇ ਉਹ ਮਿਹਣੇ ਦੇਖੇ ਜਾ ਸਕਦੇ ਹਨ ਜੋ ਗੁਰਦਾਸ ਮਾਨ ਨੂੰ ਉਦੋਂ ਸੁਣਨੇ ਪਏ ਸੀ, ਜਦੋਂ ਉਹ ਹਿੰਦੀ ਨੂੰ ਮਾਂ ਬੋਲੀ ਆਖ ਬੈਠੇ ਸੀ। ਇਸ ਤੋਂ ਬਾਅਦ ਪੰਜਾਬੀਆਂ ਨੇ ਮਾਨ ਨੂੰ ਜੰਮ ਕੇ ਟਰੋਲ ਕੀਤਾ ਸੀ। ਇਸ ਗੀਤ ਦੀ ਇੱਕ ਲਾਈਨ `ਚ ਤਾਂ ਮਾਨ ਇਹ ਵੀ ਕਹਿ ਰਹੇ ਹਨ ਕਿ `ਬੇਕਦਰੇ ਲੋੋਕਾਂ `ਚ ਕੀ ਕਦਰ ਕਰਾ ਲੇਂਗਾ।"
ਕਿਉਂ ਬਣਾਇਆ ਇਹ ਗੀਤ?
ਦਰਅਸਲ, ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ `ਚ ਘਿਰ ਗਏ ਸੀ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।
ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਤੇ ਲੋਕਾਂ ਦੇ ਉਹ ਕਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ। ਤੇ ਹੁਣ 3 ਸਾਲਾਂ ਬਾਅਦ ਮਾਨ ਇਸ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।