ਨਵੀਂ ਦਿੱਲੀ: ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਈਫਾ ਐਵਾਰਡਜ਼ ਕਰਵਾਏ ਜਾਂਦੇ ਹਨ। ਇਸ ਸਾਲ ਆਈਫਾ 2022 ਦਾ ਆਯੋਜਨ 4 ਜੂਨ ਨੂੰ ਆਬੂ ਧਾਬੀ ਵਿੱਚ ਕੀਤਾ ਗਿਆ ਹੈ। ਐਵਾਰਡ ਦਾ ਨਾਂ ਸੁਣਦੇ ਹੀ ਮਨ 'ਚ ਰੈੱਡ ਕਾਰਪੇਟ 'ਤੇ ਤੁਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਪਰ ਇੱਥੇ ਅਜਿਹਾ ਬਿਲਕੁਲ ਨਹੀਂ ਹੈ। ਇੱਥੇ ਸੈਲੀਬ੍ਰਿਟੀਜ਼ ਰੈੱਡ 'ਤੇ ਨਹੀਂ, ਗ੍ਰੀਨ ਕਾਰਪੇਟ 'ਤੇ ਸੈਰ ਕਰਦੇ ਹਨ। ਇਸ ਦਾ ਵੀ ਇੱਕ ਕਾਰਨ ਹੈ। ਜਾਣੋ ਅਜਿਹਾ ਕਿਉਂ ਕੀਤਾ ਜਾਂਦਾ ਹੈ



15 ਸਾਲ ਪਹਿਲਾਂ ਆਈਫਾ ਯਾਨੀ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਸ ਵਿੱਚ ਕਾਰਪੇਟ ਦਾ ਰੰਗ ਲਾਲ ਤੋਂ ਹਰੇ ਕਰਨ ਦਾ ਫੈਸਲਾ ਲਿਆ ਗਿਆ ਸੀ। ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਤੇ ਹਰੇ ਗ੍ਰਹਿ ਦਾ ਸੁਨੇਹਾ ਦੇਣ ਲਈ ਇਸ ਦਾ ਰੰਗ ਬਦਲਿਆ ਗਿਆ। ਜਦੋਂ 2007 ਵਿੱਚ ਸ਼ੇਫੀਲਡ, ਯੂਕੇ ਵਿੱਚ ਆਈਫਾ ਦਾ ਆਯੋਜਨ ਕੀਤਾ ਗਿਆ ਸੀ ਤਾਂ ਪਹਿਲੀ ਵਾਰ ਕਾਰਪੇਟ ਦਾ ਰੰਗ ਬਦਲਿਆ ਗਿਆ ਸੀ।

ਆਈਫਾ ਦੇ ਆਯੋਜਕ ਨੇ ਕਿਹਾ, ਇਹ ਪੁਰਸਕਾਰ ਹਮੇਸ਼ਾ ਵਾਤਾਵਰਣ ਲਈ ਵਧੀਆ ਸੰਦੇਸ਼ ਦੇਣਾ ਚਾਹੁੰਦਾ ਹੈ। ਫਿਲਮੀ ਸਿਤਾਰੇ ਅਤੇ ਐਵਾਰਡ ਪ੍ਰਸ਼ੰਸਕ ਇਸ ਸੰਦੇਸ਼ ਨੂੰ ਦੁਨੀਆ ਭਰ ਵਿੱਚ ਲੈ ਕੇ ਜਾਣਾ ਚਾਹੁੰਦੇ ਹਨ। ਆਈਫਾ ਦੀ ਇਸ ਪਹਿਲਕਦਮੀ ਨੂੰ ਪੂਰੀ ਦੁਨੀਆ 'ਚ ਸਮਰਥਨ ਮਿਲਿਆ ਤੇ ਕਾਫੀ ਚਰਚਾ ਵੀ ਹੋਈ।

ਆਈਫਾ ਐਵਾਰਡਜ਼ ਦੀ ਸ਼ੁਰੂਆਤ 22 ਸਾਲ ਪਹਿਲਾਂ ਵਿਜ਼ਕ੍ਰਾਫਟ ਇੰਟਰਨੈਸ਼ਨਲ ਐਂਟਰਟੇਨਮੈਂਟ ਦੁਆਰਾ ਕੀਤੀ ਗਈ ਸੀ। ਪਹਿਲਾ ਆਈਫਾ ਐਵਾਰਡ 2000 ਵਿੱਚ ਲੰਡਨ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਇਸ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ।ਇਸ ਸਾਲ ਆਬੂ ਧਾਬੀ 'ਚ ਇਸ ਦਾ ਆਯੋਜਨ ਕੀਤਾ ਗਿਆ ਹੈ।

ਆਈਫਾ ਐਵਾਰਡ ਹੁਣ ਤਕ ਦੁਬਈ, ਬੈਂਕਾਕ, ਨਿਊਯਾਰਕ, ਕੋਲੰਬੋ, ਐਮਸਟਰਡਮ, ਮੈਡ੍ਰਿਡ, ਫਲੋਰੀਡਾ, ਕੁਆਲਾਲੰਪੁਰ ਅਤੇ ਮਕਾਊ ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ। ਅਭਿਨੇਤਾ ਸਲਮਾਨ ਖਾਨ ਇਸ ਸਾਲ ਆਈਫਾ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕਰ ਰਹੇ ਹਨ।