Maa Da Ladla Film Review: ਅਸੀਂ ਪੰਜਾਬੀ ਇੰਡਸਟਰੀ ਵਿੱਚ ਮੇਕਰਸ ਨੂੰ ਚੁਣੌਤੀ ਦੇ ਰਹੇ ਹਾਂ ਕਿ ਉਹ ਕੁਝ ਨਵਾਂ ਅਤੇ ਸਾਰਥਕ ਪੇਸ਼ ਕਰਨ। ਪੰਜਾਬੀ ਸਿਨੇਮਾ ਵਿਕਸਿਤ ਹੋ ਰਿਹਾ ਹੈ ਅਤੇ ਨਿਰਮਾਤਾ ਹੁਣ ਕਾਮੇਡੀ ਦੇ ਡੋਜ਼ ਨਾਲ ਤੁਹਾਨੂੰ ਸਮਾਜਕ ਸੰਦੇਸ਼ ਵੀ ਦੇ ਰਹੇ ਹਨ। ਮਾਂ ਦਾ ਲਾਡਲਾ ਦੇ ਟ੍ਰੇਲਰ ਨੇ ਵੀ ਬਹੁਤ ਧਿਆਨ ਖਿੱਚਿਆ ਅਤੇ ਦਰਸ਼ਕਾਂ ਦੀਆਂ ਉਮੀਦਾਂ ਨੂੰ ਵਧਾਇਆ। ਫਿਲਮ ਆਖਿਰਕਾਰ ਰਿਲੀਜ਼ ਹੋ ਗਈ ਹੈ, ਆਓ ਜਾਣਦੇ ਹਾਂ ਕਿਵੇਂ ਦੀ ਹੈ ਫ਼ਿਲਮ:


ਸਟਾਰ ਕਾਸਟ ਦੇ ਕਾਰਨ ਇਸ ਪ੍ਰੋਜੈਕਟ ਦੀ ਬਹੁਤ ਉਮੀਦ ਕੀਤੀ ਗਈ ਸੀ। ਮੁੱਖ ਭੂਮਿਕਾਵਾਂ ਵਿੱਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ, ਅਤੇ ਹੋਰ ਪ੍ਰਸਿੱਧ ਕਲਾਕਾਰ ਜਿਵੇਂ ਰੂਪੀ ਗਿੱਲ, ਨਿਰਮਲ ਰਿਸ਼ੀ, ਇਫਤਿਖਾਰ ਠਾਕੁਰ, ਨਸੀਮ ਵਿੱਕੀ ਅਤੇ ਹੋਰ ਮੁੱਖ ਭੂਮਿਕਾਵਾਂ ਵਿੱਚ ਹਨ।


ਕਹਾਣੀ
ਟ੍ਰੇਲਰ ਨੇ ਪਹਿਲਾਂ ਹੀ ਸਾਨੂੰ ਫਿਲਮ ਦੇ ਬਾਰੇ ਵਿੱਚ ਬਹੁਤ ਸਾਰੇ ਹਿੱਸੇ ਬਾਰੇ ਜਾਣੂ ਕਰਵਾ ਦਿੱਤਾ ਸੀ। ਫਿਲਮ ਗੋਰਾ (ਤਰਸੇਮ ਜੱਸੜ) ਅਤੇ ਸਹਿਜ (ਨੀਰੂ ਬਾਜਵਾ) ਦੇ ਆਲੇ-ਦੁਆਲੇ ਘੁੰਮਦੀ ਹੈ। ਗੋਰਾ ਇੱਕ ਐਕਟਰ ਬਣਨਾ ਚਾਹੁੰਦਾ ਹੈ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਸੰਘਰਸ਼ ਕਰ ਰਿਹਾ ਹੈ। ਇਸੇ ਦੌਰਾਨ ਸਹਿਜ ਯਾਨਿ ਨੀਰੂ ਉਸ ਨੂੰ ਆਫ਼ਰ ਦਿੰਦੀ ਹੈ ਕਿ ਉਹ ਉਸ ਦੇ ਬੇਟੇ ਦਾ ਪਿਤਾ ਹੋਣ ਦੀ ਐਕਟਿੰਗ ਕਰੇ। ਗੋਰਾ ਲਈ ਇਹ ਇੱਕ ਵਧੀਆ ਮੌਕਾ ਹੈ, ਕਿਉਂਕਿ ਇਹੀ ਸਮਾਂ ਹੈ ਜਦੋਂ ਉਹ ਲੋਕਾਂ ਨੂੰ ਦੱਸ ਸਕਦਾ ਹੈ ਕਿ ਉਹ ਕਿੰਨਾ ਵਧੀਆ ਐਕਟਰ ਹੈ। ਸਹਿਜ ਗੋਰੇ ਨੂੰ ਆਪਣੇ ਬੱਚੇ ਕੈਵਿਨ ਦਾ ਪਿਤਾ ਬਣਾ ਕੇ ਲੈ ਜਾਂਦੀ ਹੈ। ਬੱਸ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ ਸਮੱਸਿਆਵਾਂ ਤੇ ਇਨ੍ਹਾਂ ਸਮੱਸਿਆਵਾਂ ;ਚ ਹੀ ਹਾਸਾ ਵੀ ਹੈ ਤੇ ਸਮਾਜਕ ਸੰਦੇਸ਼ ਵੀ।


ਹਾਲਾਂਕਿ ਫ਼ਿਲਮ ਦੇ ਸਕ੍ਰੀਨਪਲੇ ਨੂੰ ਕਾਫ਼ੀ ਖਿੱਚਿਆ ਗਿਆ ਹੈ। ਫ਼ਿਲਮ ਥੋੜ੍ਹੀ ਹੋਰ ਛੋਟੀ ਹੋ ਸਕਦੀ ਸੀ। ਦਰਸ਼ਕਾਂ ਨੂੰ ਇਹ ਫ਼ਿਲਮ ਥੋੜ੍ਹੀ ਬੋਰ ਲੱਗ ਸਕਦੀ ਹੈ। ਹਾਲਾਂਕਿ ਫ਼ਿਲਮ ਦਾ ਪਹਿਲਾ ਭਾਗ ਥੋੜ੍ਹਾ ਬੋਰ ਕਰਦਾ ਹੈ, ਪਰ ਇੰਟਰਵਲ ਤੋਂ ਬਾਅਦ ਫ਼ਿਲਮ ਤੇਜ਼ ਹੁੰਦੀ ਹੈ।


ਅਦਾਕਾਰੀ ਅਤੇ ਪ੍ਰਦਰਸ਼ਨ
ਤਰਸੇਮ ਜੱਸੜ ਨੇ ਹਮੇਸ਼ਾ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਰੋਲ ਥੋੜ੍ਹਾ ਜ਼ਿਆਦਾ ਹੋ ਸਕਦਾ ਸੀ। ਫ਼ਿਲਮ ਦੀ ਕਹਾਣੀ ਨੂੰ ਜ਼ਿਆਦਾਤਰ ਸਹਿਜ ਤੇ ਉਸ ਦੇ ਬੇਟੇ ਤੇ ਕੇਂਦਰਿਤ ਕੀਤਾ ਗਿਆ ਹੈ।


ਸਹਿਜ ਦੀ ਭੂਮਿਕਾ `ਚ ਨੀਰੂ ਬਾਜਵਾ ਕਮਾਲ ਦੀ ਲੱਗ ਰਹੀ ਹੈ। ਇਸ ਰੋਲ ਨੂੰ ਉਨ੍ਹਾਂ ਤੋਂ ਵਧੀਆ ਕੋਈ ਹੋਰ ਨਹੀਂ ਕਰ ਸਕਦਾ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੀਰੂ ਨੇ ਆਪਣੀ ਦਮਦਾਰ ਐਕਟਿੰਗ ਨਾਲ ਪ੍ਰਭਾਵਤ ਕੀਤਾ ਹੈ। ਉਹ ਬੌਸ ਲੇਡੀ ਦੇ ਕਿਰਦਾਰ `ਚ ਹਮੇਸ਼ਾ ਜਚਦੀ ਹੈ।


ਨਿਰਮਲ ਰਿਸ਼ੀ ਤੇ ਇਫ਼ਤਿਖਾਰ ਠਾਕੁਰ ਨੇ ਆਪਣੇ ਆਪਣੇ ਕੰਮ ਨੂੰ ਬਖੂਬੀ ਨਿਭਾਇਆ ਹੈ। ਉਨ੍ਹਾਂ ਦੇ ਬਿਨਾਂ ਇਸ ਫ਼ਿਲ਼ਮ `ਚ ਰੌਣਕ ਨਹੀਂ ਹੋਣੀ ਸੀ। ਆਪਣੀ ਸ਼ਾਨਦਾਰ ਐਕਟਿੰਗ ਤੇ ਕਾਮਿਕ ਟਾਈਮਿੰਗ ਨਾਲ ਨਿਰਮਲ ਰਿਸ਼ੀ ਤੇ ਇਫ਼ਤਿਖਾਰ ਠਾਕੁਰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਰੂਪੀ ਗਿੱਲ ਨੂੰ ਬਹੁਤ ਘੱਟ ਸਕ੍ਰੀਨ ਟਾਈਮਿੰਗ ਦਿਤੀ ਗਈ ਹੈ। ਹਾਲਾਂਕਿ ਉਸ ਦਾ ਰੋਲ ਥੋੜ੍ਹਾ ਹੋਰ ਵੱਡਾ ਹੋ ਸਕਦਾ ਸੀ।


ਡਾਇਰੈਕਸ਼ਨ
ਉਦੈ ਪ੍ਰਤਾਪ ਸਿੰਘ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਨੂੰ ਯੂਕੇ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ। ਕੁੱਲ ਮਿਲਾ ਕੇ ਉਦੈ ਪ੍ਰਤਾਪ ਦੀ ਡਾਇਰੈਕਸ਼ਨ ਕਾਫ਼ੀ ਵਧੀਆ ਹੈ।


ਸੰਗੀਤ
ਫਿਲਮ ਵਿੱਚ ਕੇਵਿਨ ਰਾਏ ਨੇਬੈਕਗ੍ਰਾਉਂਡ ਸੰਗੀਤ ਦਿੱਤਾ ਹੈ। ਜੋ ਕਿ ਫ਼ਿਲਮ ਦੀ ਕਹਾਣੀ ਨਾਲ ਮੇਲ ਖਾਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਹਾਂ, ਫ਼ਿਲਮ ਦੇ ਗਾਣੇ ਬੇਹਤਰੀਨ ਹਨ ਅਤੇ ਹਿੱਟ ਹੋ ਚੁੱਕੇ ਹਨ। ਖਾਸ ਕਰਕੇ ਟਾਈਟਲ ਟਰੈਕ ਮਾਂ ਦਾ ਲਾਡਲਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।


ਫ਼ਿਲਮ ਦੇਖੀਏ ਜਾਂ ਨਾ?
ਨੀਰੂ ਬਾਜਵਾ ਤੇ ਤਰਸੇਮ ਜੱਸੜ ਦੇ ਫ਼ੈਨਜ਼ ਇਸ ਫ਼ਿਲਮ ਨੂੰ ਜ਼ਰੂਰ ਦੇਖਣਗੇ। ਇਹ ਫ਼ਿਲਮ ਵਨ ਟਾਈਮ ਵਾਚ ਹੈ। ਇਸ ਫ਼ਿਲਮ ਨੂੰ ਬਾਰ ਬਾਰ ਦੇਖਿਆ ਜਾ ਸਕਦਾ ਹੈ ਜਾਂ ਇਹ ਬੇਹਤਰੀਨ ਫ਼ਿਲਮ ਹੈ, ਇਹ ਕਹਿਣਾ ਗ਼ਲਤ ਹੋਵੇਗਾ। ਹਾਂ, ਤੁਸੀਂ ਆਪਣੇ ਪਰਿਵਾਰ ਨਾਲ ਇਸ ਵੀਕੈਂਡ ਇਸ ਫ਼ਿਲਮ ਦਾ ਇੱਕ ਵਾਰ ਆਨੰਦ ਲੈ ਸਕਦੇ ਹੋ। ਕੁੱਲ ਮਿਲਾ ਕੇ ਅਸੀਂ ਇਹ ਕਹਾਂਗੇ ਕਿ ਇੱਕ ਵਧੀਆ ਸਕ੍ਰਿਪਟ ਨੂੰ ਸਕ੍ਰੀਨ ਤੇ ਹੋਰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੇ ਡਾਇਲੌਗਜ਼ ਥੋੜ੍ਹੇ ਹੋਰ ਗੁੰਦਵੇਂ ਹੋ ਸਕਦੇ ਸੀ। ਸਕ੍ਰੀਨਪਲੇ ਨੂੰ ਕਾਫ਼ੀ ਖਿੱਚਿਆ ਗਿਆ ਹੈ। ਫ਼ਿਲਮ ਦੇਖ ਇੰਜ ਲੱਗਦਾ ਹੈ ਕਿ ਡਾਇਰੈਕਟਰ ਨੂੰ ਫ਼ਿਲਮ ਬਣਾਉਣ ਦੀ ਬੜੀ ਜਲਦੀ ਸੀ। ਇੱਕ ਵਧੀਆ ਸਕ੍ਰਿਪਟ ਤੇ ਵਧੀਆ ਤਰੀਕੇ ਨਾਲ ਕੰਮ ਨਹੀਂ ਕੀਤਾ ਗਿਆ ਹੈ। ਕੁੱਲ ਮਿਲਾ ਕੇ ਫ਼ਿਲਮ `ਚ ਦਿੱਗਜ ਕਲਾਕਾਰਾਂ ਦੀ ਮੌਜੂਦਗੀ ਵੀ ਇਸ ਫ਼ਿਲਮ ਨੂੰ ਬਚਾਉਣ `ਚ ਸ਼ਾਇਦ ਹੀ ਕਾਮਯਾਬ ਹੋਵੇ।