ਮੁੰਬਈ: ਕੋਰੋਨਾ ਕਾਲ ਵਿੱਚ ਜਿੱਥੇ ਲੋਕ ਵੱਡੀ ਗਿਣਤੀ ‘ਚ ਆਪਣੀ ਜਾਨ ਗੁਆ ਰਹੇ ਹਨ, ਉਸੇ ਸਮੇਂ, ਕੁਝ ਲੋਕ ਮਨੋਰੰਜਨ ਦੀ ਦੁਨੀਆਂ ਨਾਲ ਜੁੜੇ ਸਿਤਾਰਿਆਂ ਦੀ ਮੌਤ ਬਾਰੇ ਗਲਤ ਅਫ਼ਵਾਹਾਂ ਵੀ ਫੈਲਾ ਰਹੇ ਹਨ। ਹਾਲ ਹੀ ਵਿੱਚ, 80-90 ਦੀ ਸੁਪਰਹਿੱਟ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਜਿਨ੍ਹਾਂ ਨੂੰ ਆਪਣੀ ਤਸਵੀਰ ਪੋਸਟ ਕਰਕੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨਾ ਪਿਆ। ਮੰਗਲਵਾਰ ਨੂੰ ਮਸ਼ਹੂਰ ਗਾਇਕ ਲੱਕੀ ਅਲੀ ਦੀ ਮੌਤ ਦੀ ਅਫਵਾਹ ਫੈਲਣੀ ਸ਼ੁਰੂ ਹੋ ਗਈ ਜਿਸ ਪ੍ਰਤੀ ਨਫੀਸਾ ਅਲੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਮੰਗਲਵਾਰ ਨੂੰ ਗਾਇਕ ਲੱਕੀ ਅਲੀ ਦੀ ਮੌਤ ਦੀ ਅਫਵਾਹ ਅਚਾਨਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਫਿਰ ਕੀ ਸੀ, ਲੋਕ ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੱਟ ਗਏ ਤੇ ਸੋਸ਼ਲ ਮੀਡੀਆ 'ਤੇ ਟਵੀਟ ਦਾ ਹੜ੍ਹ ਆਇਆ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨਫੀਸਾ ਅਲੀ ਨੇ ਇਸ ਖਬਰ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਨਫੀਸਾ ਅਲੀ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ ਕਿ ਸਿੰਗਰ ਜੀਵਤ ਹੈ, ਅਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ।
ਲੱਕੀ ਅਲੀ ਦੀ ਮੌਤ ਦੀ ਖ਼ਬਰ ਤੇ ਨਫੀਸਾ ਅਲੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਲੱਕੀ ਅਲੀ ਪੂਰੀ ਤਰ੍ਹਾਂ ਠੀਕ ਅਤੇ ਤੰਦਰੁਸਤ ਹਨ। ਅਸੀਂ ਦੋਵਾਂ ਦੀ ਦੁਪਹਿਰ ਨੂੰ ਗੱਲ ਹੋਈ। ਉਹ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਆਪਣੇ ਫਾਰਮ 'ਤੇ ਹੈ। ਉਨਾਂ ਨੂੰ ਕੋਈ ਕੋਰੋਨਾ ਨਹੀਂ, ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸੁਰੱਖਿਅਤ ਹੈ।'
ਲੱਕੀ ਅਲੀ ਮਸ਼ਹੂਰ ਬਾਲੀਵੁੱਡ ਕਾਮੇਡੀਅਨ ਮਹਿਮੂਦ ਦੇ ਪੁੱਤਰ ਹਨ। ਖਬਰਾਂ ਅਨੁਸਾਰ ਗਾਇਕ ਲੱਕੀ ਅਲੀ ਇਸ ਸਮੇਂ ਆਪਣੇ ਪਰਿਵਾਰ ਨਾਲ ਬੰਗਲੌਰ ਵਿੱਚ ਹੈ। ਸਿੰਗਰ ਦੇ ਜਿਊਂਦੇ ਹੋਣ ਦੀ ਖਬਰ ਜਾਣ ਕੇ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।