ਰੌਬਟ ਦੀ ਰਿਪੋਰਟ
ਚੰਡੀਗੜ੍ਹ: ਬੱਚਿਆਂ ਦੇ ਕਾਰਟੂਨ ਸ਼ੋਅ 'ਮੋਟੂ-ਪਤਲੂ' (Motu Patlu) ਨੂੰ ਕਿਸ ਨੇ ਨਹੀਂ ਵੇਖਿਆ। ਸਿਰਫ ਬੱਚੇ ਹੀ ਨਹੀਂ ਵੱਡੇ ਵੀ ਇਨ੍ਹਾਂ ਕਾਰਟੂਨ ਕਿਰਦਾਰਾਂ ਨੂੰ ਦੇਖ ਕੇ ਕਾਫੀ ਖੁਸ਼ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਰੋਮਾਂਚਕ ਸ਼ੋਅ ਦੇ ਪਿਛੇ ਕੌਣ ਹੈ।ਅਸੀਂ ਤੁਹਾਨੂੰ ਦੱਸਦੇ ਹਾਂ, ਇਹ ਸ਼ੋਅ ਨੀਰਜ ਵਿਕਰਮ ਨੇ ਲਿਖਿਆ ਹੈ।ਨੀਰਜ ਵਿਕਰਮ, ਜੋ ਐਨੀਮੇਸ਼ਨ ਇੰਡਸਟਰੀ ਲਈ ਲਿਖਦੇ ਹਨ ਨੇ ਮਸ਼ਹੂਰ ਐਨੀਮੇਟਡ ਕਾਰਟੂਨ ਮੋਟੂ-ਪਤਲੂ ਲਿਖਿਆ ਹੈ।ਉਨ੍ਹਾਂ ਨੇ ਸ਼ਾਕਾਲਾਕਾ ਬੂਮ-ਬੂਮ, ਸੋਨਪਰੀ, ਸ਼ਿਵ, ਵੀਰ 'ਦ ਰੋਬੋਟ ਬੁਆਏ ਆਦਿ ਲਈ ਵੀ ਲਿਖੇ ਹਨ।
ਲੇਖਕ ਅਤੇ ਅਦਾਕਾਰ ਨੀਰਜ ਵਿਕਰਮ ਨੇ ਏਬੀਪੀ ਸਾਂਝਾ ਨਾਲ ਇਹ ਗੱਲਬਾਤ ਕੀਤੀ
ਲਾਅ ਦੀ ਪੜ੍ਹਾਈ ਕਰਨ ਵਾਲਾ ਸ਼ਖਸ ਐਨੀਮੇਟਡ ਕਾਰਟੂਨ ਵੱਲ ਕਿਵੇਂ ਆ ਗਿਆ?
ਮੈਂਨੂੰ ਸ਼ੁਰੂ ਤੋਂ ਹੀ ਲਿਖਣਾ ਪਸੰਦ ਸੀ।ਦਰਅਸਲ, ਸਾਡੇ ਸਮੇਂ 'ਚ ਬੱਚੇ ਆਪਣੇ ਭਵਿੱਖ ਨੂੰ ਲੈ ਕੇ ਇੰਨਾ ਜ਼ਿਆਦਾ ਫੋਕਸਡ ਨਹੀਂ ਹੁੰਦੇ ਸੀ।ਦੋਸਤ ਮਿੱਤਰ ਮਿਲਕੇ ਕੁੱਝ ਪੜ੍ਹਨ ਲਗ ਜਾਂਦੇ ਸੀ।ਪਰ ਮੈਂਨੂੰ ਕਾਲਜ ਦੇ ਦਿਨਾਂ ਤੋਂ ਹੀ ਲਿਖਣਾ ਚੰਗਾ ਲਗਦਾ ਸੀ।ਇਸ ਤਰ੍ਹਾਂ ਮੈਂ ਗਰੈਜੂਏਸ਼ਨ ਕੀਤੀ ਫੇਰ ਮੈਂ ਸੋਚਿਆਂ ਚੱਲੋ ਲਾਅ ਕਰ ਲੈਂਦੇ ਹਾਂ।ਲਾਅ ਤਾਂ ਸ਼ੌਕੀਆ ਤੌਰ 'ਤੇ ਪੜ੍ਹ ਲਿਆ।
ਇੰਡਸਟਰੀ 'ਚ ਸ਼ੁਰੂਆਤ ਕਿਵੇਂ ਹੋਈ?
ਮੈਂ ਲਾਅ ਕਰਨ ਦੌਰਾਨ ਹੀ ਮੁੰਬਈ ਆ ਗਿਆ ਸੀ।ਮੈਂਨੂੰ ਇੱਥੇ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਵੀ ਮਿਲ ਗਈ ਸੀ।ਪਰ ਆਉਂਦੇ ਸਮੇਂ ਮੈਂ ਆਰਮੀ ਦੀ ਭਰਤੀ ਲਈ ਵੀ ਪੇਪਰ ਦੇ ਕੇ ਆਇਆ ਸੀ। ਤਾਂ ਸ਼ੁਰੂ ਵਿੱਚ ਮੈਂਨੂੰ ਕੋਈ ਜਾਣਦਾ ਨਹੀਂ ਸੀ ਇਸ ਲਈ ਕਾਫੀ ਮੁਸ਼ਕਿਲ ਹੋਈ।ਇਸ ਦੌਰਾਨ ਮੇਰਾ ਆਰਮੀ ਦਾ ਪੇਪਰ ਕਲੀਅਰ ਹੋ ਗਿਆ ਅਤੇ ਮੈਂ ਪੰਜ ਸਾਲਾਂ ਲਈ ਫੌਜ 'ਚ ਭਰਤੀ ਹੋ ਗਿਆ।ਉਸ ਤੋਂ ਬਾਅਦ ਕੁੱਝ ਪੈਸੇ ਜਮਾਂ ਕੀਤੇ ਅਤੇ ਮੁੜ ਤੋਂ ਬਾਲੀਵੁੱਡ ਆ ਗਿਆ।
ਸੰਘਰਸ਼ ਕਿਵੇਂ ਦਾ ਰਿਹਾ?ਕੀ ਇਹ ਕਾਫ਼ੀ ਜ਼ਿਆਦਾ ਮੁਸ਼ਕਿਲ ਸੀ?
ਸੰਘਰਸ਼ ਕਾਫੀ ਔਖਾ ਸੀ ਕਿਉਂਕਿ ਮੈਂਨੂੰ ਇੱਥੇ ਕੋਈ ਜਾਣਦਾ ਨਹੀਂ ਸੀ।ਮੈਂਨੂੰ ਸਿਰਫ਼ ਤਿੰਨ ਸਾਲ ਇੱਥੇ ਜਾਣ ਪਛਾਣ ਬਣਾਉਣ 'ਚ ਲਗ ਗਏ।ਮੈਂ ਵੱਖ-ਵੱਖ ਦਫ਼ਤਰਾਂ 'ਚ ਜਾਂਦਾ ਸੀ ਫੇਰ ਉਨ੍ਹਾਂ ਨੂੰ ਆਪਣੀ ਤਸਵੀਰ ਅਤੇ ਪਤਾ ਦੇ ਆਉਂਦਾ ਸੀ।ਇਹ ਬਹੁਤ ਹੀ ਥਕਾਨ ਭਰਿਆ ਅਤੇ ਤਣਾਅਪੂਰਨ ਪ੍ਰਕਿਰਿਆ ਸੀ।ਆਰਮੀ ਦੀ ਇਜ਼ੱਤਦਾਰ ਨੌਕਰੀ ਕਰਨ ਮਗਰੋਂ ਮੇਰੇ ਲਈ ਬਹੁਤ ਔਖਾ ਸੀ।ਮੈਂ ਦਫ਼ਤਰਾਂ 'ਚ ਕਈ ਘੰਟੇ ਉਡੀਕ ਮਗਰੋਂ ਕਿਹਾ ਜਾਂਦਾ ਸੀ ਸਾਬ ਨਹੀਂ ਆ..ਚੱਲੇ ਜਾਓ...।ਪਰ ਫਿਰ ਹੌਲੀ-ਹੌਲੀ ਕੰਮ ਮਿਲਣਾ ਸ਼ੁਰੂ ਹੋ ਗਿਆ।
ਬਾਲੀਵੁੱਡ 'ਚ ਕੰਮ ਕਰਨਾ ਦਾ ਜੋ ਸੁਪਨਾ ਸੀ, ਕੀ ਉਹ ਐਕਟਰ ਜਾਂ ਡਾਇਰੈਕਟਰ ਬਣਨ ਦਾ ਸੀ?
ਮੈਂ ਸਭ ਬਣਨਾ ਚਾਹੁੰਦਾ ਸੀ। ਮੈਂ ਕਈ ਪਲੇਅ ਲਿਖੇ ਜਿਨ੍ਹਾਂ ਵਿੱਚ ਮੈਂ ਕੁਝ ਛੋਟੇ ਮੋਟੇ ਕਿਰਦਾਰ ਵੀ ਕੀਤੇ ਪਰ ਐਕਟਿੰਗ ਮੇਰੀ ਵਿਸ਼ੇਸ਼ਤਾ ਨਹੀਂ ਹੈ।ਪਰ ਬੰਬੇ ਆ ਕੇ ਮੈਂ ਬਹੁਤ ਐਕਟਿੰਗ ਵੀ ਕੀਤੀ ਕਿਉਂਕਿ ਮੈਂ ਜਿੱਥੇ ਵੀ ਲਿਖਣ ਲਈ ਜਾਂਦਾ ਸੀ ਮੈਂ ਐਕਟਿੰਗ ਲਈ ਰੋਲ ਦੇ ਦਿੰਦੇ ਸੀ।ਬਹੁਤ ਸਾਰੀਆਂ ਫਿਲਮਾਂ 'ਚ ਥਾਣੇਦਾਰ ਦਾ ਰੋਲ ਕੀਤਾ।ਪਰ ਫਿਰ ਮੈਂਨੂੰ ਇਸ ਕਿਸਮ ਦੇ ਰੋਲ ਜ਼ਿਆਦਾ ਮਿਲਣ ਲਗੇ ਜਿਸ ਕਾਰਨ ਮੈਂ ਲਿਖਣ ਤੋਂ ਦੂਰ ਹੋ ਰਿਹਾ ਸੀ।ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਐਕਟਿੰਗ ਨਹੀਂ ਕਰਾਂਗਾ।
ਐਨੀਮੇਸ਼ਨ ਕਾਰਟੂਨਸ ਲਈ ਲਿਖਣ ਦੀ ਸ਼ੁਰੂਆਤ ਕਿਵੇਂ ਹੋਈ?
ਮੈਂ ਪਹਿਲਾਂ ਬਹੁਤ ਸਾਰੇ ਲਾਈਵ ਐਕਸ਼ਨ ਸ਼ੋਅਜ਼ ਵੀ ਲਿਖੇ ਹਨ। ਜਿਵੇਂ ਕੀ ਸੋਨਪਰੀ, ਸ਼ਰਾਰਤ, ਵਿਕਰਮ ਆਦਿ।ਇਸ ਦੌਰਾਨ ਸੋਨਪਰੀ 'ਚ ਕੰਮ ਕਰਨ ਵਾਲੇ ਲੜਕੇ ਨੇ ਕੇਤਨ ਮਹਿਤਾ ਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ।ਉਹ ਮੋਟੂ-ਪਤਲੂ ਸੀਰੀਜ਼ ਬਣਾ ਰਹੇ ਸੀ।ਇਸ ਦੌਰਾਨ ਜਦੋਂ ਉਨ੍ਹਾਂ ਨੇ ਇਸਦੇ ਲਈ ਲਿਖਕ ਲੱਭਣਾ ਸ਼ੁਰੂ ਕੀਤਾ ਤਾਂ ਉਸ ਲੜਕੇ ਨੇ ਮੇਰੇ ਬਾਰੇ ਦੱਸਿਆ ਤੇ ਫਿਰ ਤਰ੍ਹਾਂ ਮੋਟੂ-ਪਤਲੂ ਤੋਂ ਸ਼ੁਰੂਆਤ ਹੋਈ।
ਐਨੀਮੇਸ਼ਨ ਸੀਰੀਜ਼ ਲਈ ਲਿਖਣਾ ਬਾਕੀ ਸ਼ੈਲੀਆਂ ਤੋਂ ਕਿੰਨਾ ਵੱਖ ਹੈ ਤੇ ਇਸ 'ਚ ਕੀ ਚੁਣੌਤੀਆਂ ਹੁੰਦੀ ਪੇਸ਼ ਆਉਂਦੇ ਨੇ?
ਇਸ 'ਚ ਚੈਲੇਂਜ ਵੀ ਕਾਫੀ ਹਨ ਪਰ ਇਹ ਮਜ਼ੇਦਾਰ ਵੀ ਬਹੁਤ ਹੈ।ਇਸ 'ਚ ਕਲਪਨਾ ਬਹੁਤ ਕਰਨੀ ਪੈਂਦੀ ਹੈ।ਜੇ ਗੱਲ ਕਰੀਏ ਲਾਈਵ ਐਕਸ਼ਨ ਦੇ ਮੁਕਾਬਲੇ ਤਾਂ ਇਹ ਕਾਫੀ ਮੇਜ਼ਦਾਰ ਵੀ ਹੈ ਕਿਉਂਕਿ ਤੁਸੀਂ ਇਸ ਵਿੱਚ ਕਿਸੇ ਵੀ ਹੱਦ ਤੱਕ ਸੋਚ ਸਕਦੇ ਹੋ ਅਤੇ ਉਸਨੂੰ ਬਣਾ ਸਕਦੇ ਹੋ।ਜਿਵੇਂ ਕਿਸੇ ਵੀ ਕਿਰਦਾਰ ਦੀਆਂ ਅੱਖਾਂ ਬਾਹਰ ਡਿੱਗ ਜਾਂਦੀਆਂ ਹਨ, ਕਿਸੇ ਦੇ ਦੰਦ ਡਿੱਗ ਜਾਂਦੇ ਹਨ।ਇਸ ਵਿੱਚ ਤੁਸੀਂ ਕੁੱਝ ਵੀ ਸੋਚ ਸਕਦੇ ਹੋ।
ਜਿਵੇਂ ਤੁਸੀਂ ਆਰਮੀ 'ਚ ਵੀ ਸੇਵਾ ਨਿਭਾਈ ਤਾਂ ਕੀ ਕਦੇ ਫੌਜ ਨਾਲ ਸਬੰਧਤ ਕੋਈ ਕਾਰਟੂਨ ਸੀਰੀਜ਼ ਬਾਰੇ ਸੋਚਿਆ?
ਹਾਂ..ਜੇ ਕਦੇ ਮੌਕਾ ਮਿਲੇਗਾ ਤਾਂ ਜ਼ਰੂਰ ਬਣਾਉਂਗਾ।ਪਰ ਅਜੇ ਤੱਕ ਇਦਾਂ ਦਾ ਕੁੱਝ ਨਹੀਂ ਬਣਾਇਆ ਕਿਉਂਕਿ ਅਸੀਂ ਉਹੀ ਕਰਦੇ ਹਾਂ ਜੋ ਚੈਨਲ ਮੰਗ ਕਰਦੇ ਨੇ।ਹਾਲੇ ਤੱਕ ਕਿਸੇ ਚੈਨਲ ਨੇ ਅਜਿਹੀ ਮੰਗ ਨਹੀਂ ਰੱਖੀ।ਜਦੋਂ ਵੀ ਇਦਾਂ ਦਾ ਕੁੱਝ ਆਏਗਾ ਤਾਂ ਮੈਂ ਜ਼ਰੂਰ ਲਿਖਾਂਗਾ।
ਕੀ ਸਾਡੀ ਐਨੀਮੇਸ਼ਨ ਇੰਡਸਟਰੀ ਅੰਤਰਰਾਸ਼ਟਰੀ ਮਾਰਕਿਟ ਨੂੰ ਪਿੱਛੇ ਛੱਡ ਦੇਵੇਗੀ?
ਜੀ..ਕੋਸ਼ਿਸ਼ ਤਾਂ ਪੂਰੀ ਕੀਤੀ ਜਾ ਰਹੀ ਹੈ।ਬਹੁਤ ਸਾਰੇ ਅੰਤਰਰਾਸ਼ਟਰੀ ਪ੍ਰੋਜੈਕਟ ਵੀ ਸਾਡੇ ਇੱਥੋਂ ਬਣ ਕੇ ਜਾਂਦੇ ਹਨ।ਪਰ ਅੰਤਰਰਾਸ਼ਟਰੀ ਮਾਰਕਿਟ ਪੈਸਾ ਅਤੇ ਸਮਾਂ ਖੁੱਲ੍ਹਾ ਦਿੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਕੌਨਟੈਂਟ ਸਾਡੇ ਤੋਂ ਜ਼ਿਆਦਾ ਚੰਗਾ ਹੁੰਦਾ ਹੈ। ਦੇਸੀ ਪ੍ਰੋਡਕਸ਼ਨ 'ਚ ਪੈਸਾ ਅਤੇ ਸਮਾਂ ਦੋਨਾਂ ਦੀ ਘਾਟ ਹੁੰਦੀ ਹੈ।
ਕੀ ਕੋਈ ਐਪ ਆ ਰਹੀ ਮਾਰਕਿਟ 'ਚ ਜੋ ਸਿਰਫ ਬੱਚਿਆਂ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੋਵੇ?
ਫਿਲਹਾਲ ਤਾਂ ਅਜਿਹਾ ਕੁੱਝ ਨਹੀਂ ਆ ਰਿਹਾ ਪਰ ਹਾਂ ਅੱਜ ਦੇ ਸਮੇਂ ਇਸਦੀ ਖਾਲ ਲੋੜ ਹੈ। ਕਿਉਂਕਿ ਜੇ ਇੱਕ ਖਾਸ ਐਪ ਮੋਬਾਇਲ ਜਾਂ ਸਮਾਰਟ ਟੀਵੀ ਲਈ ਹੋਏਗੀ ਤਾਂ ਮਾਪੇ ਥੋੜਾ ਨਿਸ਼ਚਿੰਤ ਰਹਿ ਕੇ ਬੱਚਿਆਂ ਨੂੰ ਇੰਨਟਰਨੈੱਟ ਦੀ ਵਰਤੋਂ ਕਰਨ ਦੇ ਸਕਦੇ ਹਨ।
ਆਪਣੇ ਹੋਰ ਪ੍ਰੋਜੈਕਟਸ ਬਾਰੇ ਦੱਸੋ?
ਮੇਰਾ ਇੱਕ ਨਵਾਂ ਸ਼ੋਅ ਦਬੰਗ ਆ ਰਿਹਾ ਹੈ ਜਿਸ 'ਚ ਸਲਮਾਨ ਖਾਨ ਦਾ ਕਿਰਦਾਰ ਲਿਆ ਗਿਆ ਹੈ।ਇਸ ਦੇ ਨਾਲ ਹੀ ਪਾਂਡਵਾਸ ਆ ਰਿਹਾ ਹੈ ਜੋ ਕਿ ਪੰਜ ਪਾਂਡਵਾਂ ਦੇ ਬੱਚਪਨ ਦੀ ਕਹਾਣੀ ਹੈ।ਇਸੇ ਤਰ੍ਹਾਂ ਹੋਰ ਵੀ ਕਾਫੀ ਸਾਰੇ ਸ਼ੋਅ ਪਾਈਪ ਲਾਇਨ 'ਚ ਹਨ।