ਮੁੰਬਈ: ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਦੇ ਬਾਲੀਵੁੱਡ ਵਿੱਚ ਕਦਮ ਰੱਖਣ ਦੀਆਂ ਖ਼ਬਰਾਂ ਕਈ ਵਾਰ ਆ ਚੁੱਕੀਆਂ ਹਨ।  ਇੱਕ ਖ਼ਬਰ ਮੁਤਾਬਕ ਜਾਨ੍ਹਵੀ ਦੀ ਛੋਟੀ ਭੈਣ ਖੁਸ਼ੀ ਜਲਦੀ ਹੀ ਬਾਲੀਵੁੱਡ ਵਿੱਚ ਡੈਬਿਊ ਕਰੇਗੀ ਤੇ ਇੱਕ ਵੱਡਾ ਐਲਾਨ ਜਲਦ ਹੋ ਸਕਦਾ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਜਦੋਂ ਬੋਨੀ ਨੂੰ ਉਸ ਦੀ ਛੋਟੀ ਧੀ ਦੀ ਬਾਲੀਵੁੱਡ 'ਚ ਸ਼ੁਰੂਆਤ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, “ਹਾਂ, ਖੁਸ਼ੀ ਵੀ ਅਦਾਕਾਰੀ ਦੀ ਚਾਹਵਾਨ ਹੈ। ਜਲਦੀ ਹੀ ਇੱਕ ਐਲਾਨ ਕੀਤਾ ਜਾਏਗਾ।”


ਬੋਨੀ ਖੁਦ ਇੱਕ ਮਸ਼ਹੂਰ ਨਿਰਮਾਤਾ ਤੇ ਹੁਣ ਇੱਕ ਅਭਿਨੇਤਾ ਵੀ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਖੁਸ਼ੀ ਨੂੰ ਲਾਂਚ ਨਹੀਂ ਕਰਨਗੇ। ਉਨ੍ਹਾਂ ਜਾਨ੍ਹਵੀ ਅਤੇ ਆਪਣੇ ਬੇਟੇ ਅਰਜੁਨ ਕਪੂਰ ਨੂੰ ਵੀ ਬਾਲੀਵੁੱਡ 'ਚ ਖੁਦ ਲਾਂਚ ਨਹੀਂ ਕੀਤਾ ਸੀ ਤੇ ਖੁਸ਼ੀ ਨੂੰ ਵੀ ਉਹ ਆਪ ਲਾਂਚ ਨਹੀਂ ਕਰਨਗੇ।




ਉਨ੍ਹਾਂ ਕਿਹਾ “ਮੇਰੀ ਧੀ ਬਾਲੀਵੁੱਡ 'ਚ ਸ਼ੁਰੂਆਤ ਕਰਨ ਵਿੱਚ ਥੋੜ੍ਹੀ ਦੇਰ ਲਵੇਗੀ ਕਿਉਂਕਿ ਉਹ ਪਹਿਲਾਂ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ 'ਚ ਅਭਿਨੈ ਕਰਨ ਦਾ ਇਕ ਸਾਲ ਦਾ ਕੋਰਸ ਪੂਰਾ ਕਰੇਗੀ ਤੇ ਫਿਰ ਫਿਲਮਾਂ 'ਚ ਕੰਮ ਕਰੇਗੀ। ਉਮੀਦ ਹੈ ਕਿ 2022 'ਚ ਖੁਸ਼ੀ ਕਿਸੇ ਫਿਲਮ ਲਈ ਜਲਦ ਕੰਮ ਸ਼ੁਰੂ ਕਰ ਦਵੇ।"




ਫਿਲਹਾਲ ਹੁਣ ਖੁਸ਼ੀ ਨੂੰ ਕੌਣ ਕਰੇਗਾ ਲਾਂਚ ਇਸ 'ਤੇ ਖੁਲਾਸਾ ਨਹੀਂ ਹੋਇਆ ਪਰ ਨੈਪੋਟਿਜ਼ਮ ਦੀ ਬਹਿਸ ਅਜੇ ਵੀ ਜਾਰੀ ਹੈ ਤੇ ਇਸ ਦਾ ਅਸਰ ਅੱਗੇ ਖੁਸ਼ੀ 'ਤੇ ਕਿੰਨਾ ਕੁ ਹੋਏਗਾ ਉਹ ਤਾਂ ਲਾਂਚ ਤੋਂ ਬਾਅਦ ਹੀ ਪਤਾ ਚਲੇਗਾ।