Dev Kharoud Birthday: ਪੰਜਾਬੀ ਅਦਾਕਾਰ ਦੇਵ ਖਰੌੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਬਲੈਕੀਆ, ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ, ਡੀਐੱਸਪੀ ਦੇਵ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਹੈ। ਭਗਵੰਤ ਮਾਨ ਅਤੇ ਕਰਮਜੀਤ ਅਨਮੋਲ ਨਾਲ ਕਾਮੇਡੀਅਨ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੇਵ ਖਰੌੜ ਅੱਜ ਫਿਲਮਾਂ ਵਿੱਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਅੱਜ ਪੰਜਾਬੀ ਅਦਾਕਾਰ ਆਪਣਾ 35ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਅਸੀ ਤੁਹਾਨੂੰ ਦੇਵ ਬਾਰੇ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ।
ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਣਕਲਾਂ ‘ਚ ਜਨਮੇ ਦੇਵ ਖਰੌੜ ਨੇ ਆਪਣੀ ਸਕੂਲੀ ਪੜ੍ਹਾਈ ਤੋਂ ਬਾਅਦ ਪੰਜਾਬੀ ਯੂਨੀਰਸਿਟੀ ਤੋਂ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਹੌਲੀ-ਹੌਲੀ ਅਦਾਕਾਰੀ ਦੇ ਖੇਤਰ ਵੱਲ ਵਧਣਾ ਸ਼ੁਰੂ ਕੀਤਾ। ਜਿਸ ਦੀ ਮਿਹਨਤ ਅੱਜ ਸਾਫ ਨਜ਼ਰ ਆਉਂਦੀ ਹੈ।
ਫਿਲਮ ‘ਰੁਪਿੰਦਰ ਗਾਂਧੀ’ ਹੋਈ ਸੁਪਰਹਿੱਟ
ਸਾਲ 2015 ‘ਚ ਦੇਵ ਖਰੌੜ ਦੀ ਫ਼ਿਲਮ ‘ਰੁਪਿੰਦਰ ਗਾਂਧੀ’ ਰਿਲੀਜ਼ ਹੋਈ। ਇਸ ਫ਼ਿਲਮ ‘ਚ ਉਨ੍ਹਾਂ ਦੇ ਧਮਾਕੇਦਾਰ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਇੰਡਸਟਰੀ ‘ਚ ਉਹ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਣ ਲੱਗ ਪਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਛੋਟੇ ਪਰਦੇ ਤੇ ਥਿਏਟਰ ‘ਚ ਵੀ ਕੰਮ ਕੀਤਾ। ਇੱਥੋ ਹੀ ਅਦਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੀ ਕਾਬਲੀਅਤ ਨਿਕਲ ਕੇ ਸਾਹਮਣੇ ਆਈ।
ਜਾਣੋ ਪੰਜਾਬੀ ਅਦਾਕਾਰ ਨੂੰ ਕਿਸ ਗੱਲ ਦਾ ਖੌਫ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਦੇਵ ਖਰੌੜ ਵਿਦੇਸ਼ ਜਾਣ ਦੇ ਨਾਂਅ ਤੋਂ ਹਮੇਸ਼ਾ ਖੌਫ ਖਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਜਹਾਜ਼ ‘ਚ ਸਫ਼ਰ ਕਰਨ ਦੌਰਾਨ ਬਹੁਤ ਡਰ ਲੱਗਦਾ ਹੈ। ਇਸ ਲਈ ਉਹ ਜਹਾਜ਼ ‘ਚ ਸਫ਼ਰ ਕਰਨ ਤੋਂ ਹਮੇਸ਼ਾ ਬਚਦੇ ਹਨ। ਅਦਾਕਾਰੀ ਤੋਂ ਇਲਾਵਾ ਦੇਵ ਖਰੌੜ ਵਾਲੀਬਾਲ ਤੇ ਕ੍ਰਿਕੇਟ ਦੇ ਵਧੀਆ ਖਿਡਾਰੀ ਵੀ ਹਨ। ਉਨ੍ਹਾਂ ਬਤੌਰ ਖਿਡਾਰੀ ਵੀ ਚੰਗੀ ਸਫਲਤਾ ਹਾਸਿਲ ਕੀਤੀ, ਹਾਲਾਂਕਿ ਉਨ੍ਹਾਂ ਅਦਾਕਾਰੀ ਨੂੰ ਆਪਣਾ ਕਰੀਅਰ ਚੁਣੀਆ।