Sidhu Moosewala Death Anniversary: ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅੱਜ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਮੱਥਾ ਟੇਕਣ ਲਈ ਪਹੁੰਚੀ। ਇਸ ਦੌਰਾਨ ਉਨ੍ਹਾਂ ਨਮ ਅੱਖਾਂ ਨਾਲ ਪੁੱਤਰ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਉਹ ਸਿੱਧੂ ਨੂੰ ਜਿੱਥੇ ਮਾਰਿਆ ਗਿਆ ਸੀ ਉਸ ਥਾਂ ਉਸਨੂੰ ਯਾਦ ਕਰਕੇ ਭਾਵੁਕ ਹੋ ਕੇ ਰੋਣ ਲੱਗੀ। ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਤਾ ਚਰਨ ਕੌਰ ਨੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ।
ਦੱਸ ਦੇਈਏ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ 29 ਮਈ ਸਾਲ 2023 ਨੂੰ 1 ਸਾਲ ਪੂਰਾ ਹੋ ਜਾਵੇਗਾ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਦੇ ਪੁੱਤਰ ਨੂੰ ਬਦਨਾਮ ਕਰਨ ਲਈ ਨਵੀਂਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਦੌਰਾਨ ਮਾਤਾ ਚਕਨ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਧੂ ਦੀ ਆਵਾਜ਼ ਵਿੱਚ ਗੀਤ ਨਾ ਬਣਾਏ ਜਾਣ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਦਾ ਹੈ।
ਮਾਤਾ ਚਰਨ ਕੌਰ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਪੁੱਤਰ ਦੇ ਵਿਛੋੜੇ ਦਾ ਬੇਹੱਦ ਦੁੱਖ ਹੈ, ਉੱਥੇ ਹੀ ਉਨ੍ਹਾਂ ਦਾ ਸਿਰ ਵੀ ਮਾਣ ਨਾਲ ਉੱਚਾ ਹੁੰਦਾ ਹੈ। ਕਿਉਂਕਿ ਮੂਸੇਵਾਲਾ ਨੇ ਬਹੁਤ ਘੱਟ ਉਮਰ ਵਿੱਚ ਵੱਡਾ ਮੁਕਾਮ ਹਾਸਿਲ ਲੋਕਾਂ ਦਾ ਪਿਆਰ ਹਾਸਿਲ ਕੀਤਾ, ਜੋ ਅੱਜ ਪਰਿਵਾਰ ਦੇ ਨਾਲ ਖੜ੍ਹੇ ਹਨ। ਹਾਲਾਂਕਿ ਇਸ ਦੌਰਾਨ ਪਾਠ ਦੇ ਭੋਗ ਮੌਕੇ ਮੌਜੂਦ ਲੋਕ ਵੀ ਭਾਵੁਕ ਹੋ ਗਏ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਜਾਣਕਾਰੀ ਲਈ ਦੱਸ ਦੇਈਏ ਕਿ 29 ਮਈ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੌਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਪਿੰਡ ;ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।