Charan Kaur gave birth to a son: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦੇ ਮਾਪਿਆਂ ਨੇ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵਜੰਮੇ ਪੁੱਤਰ ਨਾਲ ਪੋਸਟ ਸ਼ੇਅਰ ਕਰ ਇਹ ਗੁੱਡ ਨਿਊਜ਼ ਫੈਨਜ਼ ਨੂੰ ਤੁਸੀ ਹੈ। ਤੁਸੀ ਵੀ ਵੇਖੋ ਬਲਕੌਰ ਸਿੰਘ ਦੀ ਇਹ ਪੋਸਟ...
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।
ਫੈਨਜ਼ ਵੱਲੋਂ ਲਗਾਤਾਰ ਮਿਲ ਰਹੀਆਂ ਵਧਾਈਆਂ
ਦੱਸ ਦੇਈਏ ਕਿ ਬਲਕੌਰ ਸਿੰਘ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਉੱਪਰ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਬਹੁਤ-ਬਹੁਤ ਮੁਬਾਰਕਾਂ, ਵਾਹਿਗੂਰੁ ਨੇ ਬਹੁਤ ਮੇਹਰ ਕੀਤੀ...ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਸਦਾ ਨਾਂਅ ਵੀ ਸ਼ੁਭਦੀਪ ਸਿੰਘ ਹੀ ਰੱਖੋ। ਬਲਕੌਰ ਸਿੰਘ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ।
ਦੂਜੇ ਬੱਚੇ ਨੂੰ ਦੁਨੀਆ 'ਚ ਲਿਆਉਣ ਦਾ ਇਸ ਕਾਰਨ ਕੀਤਾ ਫੈਸਲਾ
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੇ ਜਾਣ ਤੋਂ ਬਾਅਦ ਮਾਪਿਆਂ ਚਰਨ ਕੌਰ ਤੇ ਬਲਕੌਰ ਸਿੰਘ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਸੀ। ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਦੇ ਵਾਰਸ ਲਈ ਚਰਨ ਕੌਰ ਤੇ ਬਲਕੌਰ ਸਿੰਘ ਨੇ ਦੂਜੇ ਬੱਚੇ ਨੂੰ ਦੁਨੀਆ 'ਚ ਲੈਕੇ ਆਉਣ ਦਾ ਫੈਸਲਾ ਕੀਤਾ। ਫਿਲਹਾਲ ਇਹ ਖਬਰ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੈ, ਕਿ ਇੱਕ ਵਾਰ ਫਿਰ ਮੂਸੇਵਾਲਾ ਦੇ ਨਾਂਅ ਦੀ ਚਰਚਾ ਤੇਜ਼ ਹੋ ਗਈ ਹੈ।