Punjabi Singer Arrest: ਪੰਜਾਬੀ ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਕਲਾਕਾਰ ਗਾਇਕੀ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਸੀ। ਇਸ ਗਾਇਕ ਦੀ ਪਛਾਣ ਸ਼ੁਭਮ ਲੋਧੀ ਵਜੋਂ ਹੋਈ ਹੈ। ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਤਾਂ ਉਹ ਠੱਗੀ ਮਾਰ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਦੋਂਕਿ ਸੂਰਜ ਅਤੇ ਉਸ ਦੀ ਪਤਨੀ ਸਿਮਰਨ ਨੂੰ 120 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਬ ਡਵੀਜ਼ਨ ਫਿਲੌਰ ਸਰਵਣ ਸਿੰਘ ਬੱਲ ਨੇ ਕਿਹਾ ਕਿ ਨਸ਼ਾ ਤਸਕਰ ਭਾਵੇਂ ਕਿੰਨਾ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ, ਇਕ ਦਿਨ ਉਹ ਪੁਲਿਸ ਦੇ ਹੱਥੇ ਚੜ੍ਹ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਨਜ਼ਦੀਕੀ ਪਿੰਡ ਗੰਨਾ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ।
ਗਾਇਕੀ ਦੀ ਆੜ ਵਿੱਚ ਨਸ਼ਾ ਤਸਕਰੀ
ਇਸੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੰਜਾਬੀ ਗਾਇਕ ਸ਼ੁਭਮ ਲੋਧੀ ਪੁੱਤਰ ਹਰਭਜਨ ਲਾਲ ਪਿਛਲੇ ਕਾਫੀ ਸਮੇਂ ਤੋਂ ਗਾਇਕੀ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਹੈ। ਜਿਵੇਂ ਹੀ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਤਾਂ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਪੁਲਿਸ ਨੇ ਉਸਦੇ ਦੋ ਨਜ਼ਦੀਕੀ ਸਾਥੀ ਸੂਰਜ ਪੁੱਤਰ ਵਿਨੋਦ ਕੁਮਾਰ ਨੂੰ ਉਸਦੀ ਪਤਨੀ ਸਿਮਰਨ ਸਮੇਤ ਕਾਬੂ ਕਰਕੇ ਉਸਦੇ ਕੋਲੋਂ 70 ਅਤੇ ਉਸਦੀ ਪਤਨੀ ਕੋਲੋਂ 50 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਗਾਇਕ ਸ਼ੁਭਮ ਲੋਧੀ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਲੋਧੀ ਜੋ ਕਿ ਪੰਜਾਬ ਦਾ ਇੱਕ ਚੰਗਾ ਅਤੇ ਮਸ਼ਹੂਰ ਗਾਇਕ ਸੀ, ਜੋ ਆਮ ਤੌਰ 'ਤੇ ਦੋਆਬਾ ਜ਼ਿਲ੍ਹੇ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਦੇਖਿਆ ਜਾਂਦਾ ਸੀ ਅਤੇ ਜੋ ਚੰਗੀ ਕਮਾਈ ਵੀ ਕਰ ਰਿਹਾ ਸੀ। ਗਾਇਕੀ ਨਾਲੋਂ ਨਸ਼ਾ ਤਸਕਰੀ 'ਚ ਵੱਧ ਪੈਸਾ ਕਮਾਉਣ ਦੇ ਲਾਲਚ ਨੂੰ ਦੇਖ ਉਸ ਨੇ ਇਸ ਧੰਦੇ 'ਚ ਸ਼ਾਮਲ ਹੋ ਕੇ ਆਪਣਾ ਕਰੀਅਰ ਖਤਮ ਕਰ ਲਿਆ।