Neeru Bajwa On California Punjabi Family: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਇੰਡਸਟਰੀ ਨੂੰ ਇਸ ਸਾਲ ਕਈ ਸਫ਼ਲ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਪੰਜਾਬ ਦੇ ਹਰ ਮੁੱਦੇ `ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ।
ਨੀਰੂ ਬਾਜਵਾ ਨੇ ਕੈਲੀਫ਼ੋਰਨੀਆ `ਚ ਪੰਜਾਬੀ ਪਰਿਵਾਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰਾ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਲੀਫ਼ੋਰਨੀਆ `ਚ ਹੋਏ ਇਸ ਕਾਂਡ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਨਾਲ ਨਾਲ ਗੁੱਸਾ ਵੀ ਪ੍ਰਗਟਾਇਆ ਹੈ।
ਪੋਸਟ ਸ਼ੇਅਰ ਬਾਜਵਾ ਨੇ ਕੈਪਸ਼ਨ `ਚ ਲਿਖਿਆ, "ਮੈਨੂੰ ਪੀੜਤ ਪਰਿਵਾਰ ਨਾਲ ਹਮਦਰਦੀ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੁਨੀਆ ਭਰ ਦੇ ਸਿੱਖ ਭਾਈਚਾਰੇ ਤੋਂ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ ਕਿ ਇਸ ਤਰ੍ਹਾਂ ਦੀ ਦੁੱਖਦਾਈ ਘਟਨਾ ਵਾਪਰੀ। ਕਿਰਪਾ ਕਰਕੇ ਸਾਰੇ ਜਣੇ ਆਪਣੀਆਂ ਦੁਆਵਾਂ `ਚ ਇਸ ਪੀੜਤ ਪਰਿਵਾਰ ਨੂੰ ਯਾਦ ਰੱਖੋ। ਮੈਂ ਉਸ 8 ਮਹੀਨੇ ਦੀ ਮਾਸੂਮ ਬੱਚੀ ਬਾਰੇ ਸੋਚਣਾ ਬੰਦ ਨਹੀਂ ਕਰ ਪਾ ਰਹੀ। ਨਾਲ ਹੀ ਉਸ ਦੇ ਮਾਪਿਆਂ ਤੇ ਚਾਚੇ ਬਾਰੇ, ਜਿਨ੍ਹਾਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਮਾਰ ਦਿੱਤਾ ਗਿਆ।"
ਕਾਬਿਲੇਗ਼ੌਰ ਹੈ ਕਿ ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਪੈਂਦੇ ਪਿੰਡ ਹਰਸੀ ਦਾ ਵਸਨੀਕ ਸੀ। ਇਨ੍ਹਾਂ ਲੋਕਾਂ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਕਾਰੋਬਾਰ ਸੀ। ਅਗਵਾ ਕਰਕੇ ਕਤਲ ਕਰਨ ਵਾਲਿਆਂ ਵਿੱਚ ਜਸਦੀਪ ਸਿੰਘ ਉਮਰ 36 ਸਾਲ, ਜਸਦੀਪ ਦੀ ਪਤਨੀ ਜਸਲੀਨ ਕੌਰ ਉਮਰ 27 ਸਾਲ, ਉਨ੍ਹਾਂ ਦੀ ਬੇਟੀ ਅਰੂਹੀ ਢੇਰੀ ਉਮਰ 8 ਮਹੀਨੇ ਅਤੇ ਅਮਨਦੀਪ ਸਿੰਘ ਉਮਰ 39 ਸਾਲ ਸ਼ਾਮਲ ਹਨ।