Harnaaz Sandhu Upasana Singh: ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਸਮੇਤ 14 ਹੋਰਨਾਂ ਖ਼ਿਲਾਫ਼ ਅਦਾਕਾਰਾ ਉਪਾਸਨਾ ਸਿੰਘ ਵਲੋਂ ਦਾਇਰ ਕੋਰਟ ਕੇਸ ਦੀ ਸੁਣਵਾਈ 7 ਫਰਵਰੀ ਨੂੰ ਤੈਅ ਕੀਤੀ ਗਈ ਹੈ। ਮਾਮਲੇ ’ਚ ਪਾਰਟੀ ਬਣਾਈ ਗਈ ਸੰਧੂ ਸਮੇਤ ਹੋਰਨਾਂ ਦੇ ਲਿਖਤੀ ਬਿਆਨ ਦਰਜ ਹੋਣੇ ਹਨ। 4 ਅਗਸਤ ਨੂੰ ਚੰਡੀਗੜ੍ਹ ਕੋਰਟ ’ਚ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਨਾਲ ਜੁੜੇ ਵਿਵਾਦ ਨੂੰ ਲੈ ਕੇ ਉਪਾਸਨਾ ਸਿੰਘ ਨੇ ਮਾਡਲ ਖ਼ਿਲਾਫ਼ ਕੋਰਟ ’ਚ ਕੇਸ ਦਾਇਰ ਕੀਤਾ ਸੀ।
ਉਪਾਸਨਾ ਸਿੰਘ ਨੇ ਫ਼ਿਲਮ ਨੂੰ ਲੈ ਕੇ ਹੋਏ ਨੁਕਸਾਨ ਦੇ ਰੂਪ ’ਚ 1 ਕਰੋੜ ਰੁਪਏ ਭਰਪਾਈ ਦੀ ਮੰਗ ਕੀਤੀ ਹੈ। ਹਰਨਾਜ਼ ਸੰਧੂ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਵਿਅਕਤੀਆਂ ਨੂੰ ਪਾਰਟੀਆਂ ਬਣਾਇਆ ਗਿਆ ਹੈ, ਉਨ੍ਹਾਂ ’ਚ ਸ਼ੈਰੀ ਗਿੱਲ, ਏਮਾ ਸਾਵਲ, ਦਿ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ, ਸਿਟੀ ਆਫ ਦਿ ਹਾਲੀਵੁੱਡ ਫਲੋਰੀਡਾ, ਟਾਈਮਜ਼ ਗਰੁੱਪ ਸੀ. ਆਰ. ਐੱਮ. ਆਦਿ ਸ਼ਾਮਲ ਹਨ।
ਉਪਾਸਨਾ ਸਿੰਘ ਦਾ ਦੋਸ਼ ਹੈ ਕਿ ਉਹ ਇਕ ਫ਼ਿਲਮ ਪ੍ਰੋਡਿਊਸ ਕਰ ਰਹੀ ਸੀ, ਜਿਸ ’ਚ ਕੰਮ ਕਰਨ ਲਈ ਹਰਨਾਜ਼ ਨੇ ਹਾਮੀ ਭਰੀ ਸੀ। ਇਸ ਤੋਂ ਬਾਅਦ ਫ਼ਿਲਮ ਬਣਨ ਤੋਂ ਬਾਅਦ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਤੇ ਉਸ ਨੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ।
ਕੇਸ ਦੀ ਤਾਜ਼ਾ ਸੁਣਵਾਈ ’ਤੇ ਚੰਡੀਗੜ੍ਹ ਜ਼ਿਲਾ ਕੋਰਟ ਦੇ ਸਿਵਲ ਜੱਜ ਨੇ ਕਿਹਾ ਕਿ ਉਨ੍ਹਾਂ ਨੇ 5 ਦਸੰਬਰ ਤੋਂ 9 ਦਸੰਬਰ ਤਕ ਹੈਦਰਾਬਾਦ ’ਚ ‘ਸਾਈਬਰ ਸਕਿਓਰਿਟੀ ਇਨਵੈਸਟੀਗੇਸ਼ਨ’ ਨਾਂ ਦੇ ਟ੍ਰੇਨਿੰਗ ਪ੍ਰੋਗਰਾਮ ’ਚ ਹਿੱਸਾ ਲੈਣ ਜਾਣਾ ਹੈ। ਅਜਿਹੇ ’ਚ ਕੇਸ ਦੀ ਸੁਣਵਾਈ ਹੁਣ 7 ਫਰਵਰੀ ਲਈ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ‘ਤੇ ਸਖਤੀ ਨੂੰ ਲੈਕੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ, ਕਹਿ ਦਿੱਤੀ ਇਹ ਗੱਲ