Patiala News: ਪਟਿਆਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਈ ਗਾਇਕਾਂ ਤੇ ਫ਼ਿਲਮੀ ਕਲਾਕਾਰਾਂ ਦਾ ਸਹਾਰਾ ਲਿਆ ਹੈ। ਇਨ੍ਹਾਂ ਕਲਾਕਾਰਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵਿਸ਼ੇਸ਼ ਸੰਦੇਸ਼ ਜਾਰੀ ਕੀਤੇ ਹਨ। ਇਹ ਸੰਦੇਸ਼ ਉਨ੍ਹਾਂ ਪਟਿਆਲਾ ਪੁੱਜ ਕੇ ਕਿਸਾਨਾਂ ਦੇ ਨਾਮ ਜਾਰੀ ਕੀਤੇ ਹਨ। 


ਪਟਿਆਲਾ ਪੁੱਜੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਲਾਕਾਰ ਬੀਨੂ ‌ਢਿੱਲੋਂ ਨੇ ਕਿਸਾਨਾਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ‘ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਤੇ ਚੱਲਦਿਆਂ ਸਾਨੂੰ ਧਰਤੀ ਤੇ ਪਾਣੀ ਨੂੰ ਬਚਾਉਣ ਦੀ ਲੋੜ ਹੈ। ਇਸ ਲਈ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ, ਪਰਾਲੀ ਨੂੰ ਅੱਗ ਲਾਉਣ ਨਾਲ ਸਾਡਾ ਵਾਤਾਵਰਨ ਤਾਂ ਖ਼ਰਾਬ ਹੁੰਦਾ ਹੀ ਹੈ ਪਰ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। 


ਆਓ ਆਪਾਂ ਸਾਰੇ ਜਣੇ ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ ਬਚਾਉਣ ਲਈ ਇਕ ਸਾਂਝਾ ਹੰਭਲਾ ਮਾਰੀਏ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਪਰਾਲੀ ਸਾਂਭਣ ਲਈ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਮਸ਼ੀਨਰੀ ਹਾਸਲ ਕਰਨ ਲਈ ਵਟਸ ਨੰਬਰ 7380016070 ਤੇ ਸੰਪਰਕ ਕਰ ਸਕਦੇ ਹਨ। 


ਇਸੇ ਤਰ੍ਹਾਂ ਫ਼ਿਲਮੀ ਕਲਾਕਾਰ ਤੇ ਗਾਇਕ ਰਵਿੰਦਰ ਗਰੇਵਾਲ ਨੇ ਵੀ ਕਿਸਾਨਾਂ ਨੂੰ ਬੇਨਤੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਦਿੱਤੇ ਸੰਦੇਸ਼ ਵਿਚ ਮਸ਼ੀਨਰੀ ਦੀ ਵਰਤੋਂ ਕਰਨ ਲਈ ਬੇਨਤੀ ਕੀਤੀ ਹੈ, ਇਸ ਤੋਂ ਪਹਿਲਾਂ ਐਮੀ ਵਿਰਕ ਨੇ ਵੀ ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨ ਦੇ ਪੱਖ ਵਿਚ ਸੰਦੇਸ਼ ਜਾਰੀ ਕਰਦਿਆਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਬੇਨਤੀ ਕੀਤੀ ਸੀ। 


ਇਸ ਬਾਰੇ ਜ਼ਿਲ੍ਹੇ ਦੇ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰਦਿਆਂ ਖੇਤਾਂ ਵਿਚ ਪਰਾਲੀ ਨਾ ਸਾੜਨ, ਕਿਉਂਕਿ ਪਰਾਲੀ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਜਿਸ ਨਾਲ ਬਜ਼ੁਰਗਾਂ ਤੇ ਬੱਚਿਆਂ ਸਮੇਤ ਬਿਮਾਰਾਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।