Indian Film Festival Of Los Angeles 2022: ਲਾਸ ਏਂਜਲਸ ਦੇ ਇੰਡੀਅਨ ਫਿਲਮ ਫੈਸਟੀਵਲ 2022 ਵਿੱਚ ਪੰਜਾਬੀ ਖੇਤਰੀ ਫਿਲਮ 'ਜੱਗੀ' ਨੇ ਆਪਣੀ ਪਛਾਣ ਬਣਾਈ ਹੈ। ਇਸ ਫਿਲਮ ਨੂੰ ਦੋ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਸਥਿਤ ਥੀਏਟਰ ਅਭਿਨੇਤਾ ਤੇ ਫਿਲਮ ਨਿਰਮਾਤਾ ਅਨਮੋਲ ਸਿੱਧੂ ਦੀ ਫਿਲਮ ਜੱਗੀ ਨੂੰ ਫੈਸਟੀਵਲ ਵਿੱਚ ਸਰਵੋਤਮ ਡੈਬਿਊ ਫਿਲਮ ਲਈ ਉਦਘਾਟਨੀ ਉਮਾ ਡੀ ਕਨਹਾ ਐਵਾਰਡ ਦੇ ਨਾਲ-ਨਾਲ ਸਰਵੋਤਮ ਫੀਚਰ ਫਿਲਮ ਲਈ ਔਡੀਅੰਸ ਚੁਆਇਸ ਐਵਾਰਡ ਵੀ ਮਿਲਿਆ ਹੈ। ਫਿਲਮ ਜੱਗੀ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਇੱਕ ਸਕੂਲੀ ਵਿਦਿਆਰਥੀ ਦੀ ਕਹਾਣੀ ਦੱਸਦੀ ਹੈ, ਜਿਸ ਨੂੰ ਸਮਲਿੰਗੀ ਮੰਨਿਆ ਜਾਂਦਾ ਹੈ ਤੇ ਉਸ ਨੂੰ ਕਈ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।


ਫਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੀ - ਉਮਾ
IFFLA ਦੀ ਸੰਸਥਾਪਕ ਮੈਂਬਰ ਅਤੇ ਸੁਤੰਤਰ ਭਾਰਤੀ ਸਿਨੇਮਾ ਦੀ ਸਮਰਥਕ ਉਮਾ ਡੀ ਕੁਨਹਾ ਨੇ ਇਸ ਫ਼ਿਲਮ ਬਾਰੇ ਕਿਹਾ ਕਿ ਭਾਰਤ ਵਿੱਚ ਸਿਰਫ਼ ਕੁਝ ਹੀ ਸੁਤੰਤਰ ਪੰਜਾਬੀ ਬੋਲਣ ਵਾਲੀਆਂ ਫ਼ਿਲਮਾਂ ਬਣੀਆਂ ਹਨ। ਜਿਸ ਵਿੱਚੋਂ ਕੋਈ ਵਿਰਲਾ ਹੀ ਵੱਡੇ ਮੇਲੇ ਵਿੱਚ ਪਹੁੰਚ ਕੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰ ਸਕਣ।


ਪਹਿਲਾਂ ਇਹ ਇੱਕ ਲਘੂ ਫ਼ਿਲਮ ਸੀ
ਪ੍ਰੋਗਰਾਮਿੰਗ ਡਾਇਰੈਕਟਰ ਰਿਤੇਸ਼ ਮਹਿਤਾ ਨੇ ਫਿਲਮ ਬਾਰੇ ਕਿਹਾ ਕਿ ਜੱਗੀ ਅਜਿਹੇ ਮੁੱਦੇ 'ਤੇ ਬਣੀ ਫਿਲਮ ਹੈ, ਜਿਸ 'ਤੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ। ਇਸ ਪਾਸੇ ਧਿਆਨ ਖਿੱਚਣ ਦੀ ਸਖ਼ਤ ਲੋੜ ਹੈ। ਪਹਿਲੀ ਵਾਰ ਫਿਲਮ ਬਣਾਉਣ ਵਾਲੀ ਟੀਮ ਦਾ ਅਜਿਹਾ ਸ਼ਾਨਦਾਰ ਕੰਮ ਸ਼ਲਾਘਾਯੋਗ ਹੈ। ਸ਼ੁਰੂ ਵਿੱਚ ਜੱਗੀ ਦੀ ਸ਼ੁਰੂਆਤ ਇੱਕ ਲਘੂ ਫਿਲਮ ਦੇ ਰੂਪ ਵਿੱਚ ਕੀਤੀ ਗਈ ਸੀ ਪਰ ਸਮੇਂ ਦੇ ਨਾਲ ਇਹ ਇੱਕ ਸ਼ਾਨਦਾਰ ਫੀਚਰ ਫਿਲਮ ਵਿੱਚ ਬਦਲ ਗਈ।


ਜਿਨਸੀ ਸ਼ੋਸ਼ਣ ਦੇ ਮੁੱਦੇ 'ਤੇ ਬਣੀ ਫਿਲਮ
ਇਸ ਦੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਅਨਮੋਲ ਸਿੱਧੂ ਨੇ ਕਿਹਾ ਕਿ ਫਿਲਮ ਪੰਜਾਬ ਦੇ ਅਜਿਹੇ ਹਿੱਸੇ ਦੀ ਕਹਾਣੀ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੈਂ ਆਪਣੀ ਜ਼ਿੰਦਗੀ 'ਚ ਕੁਝ ਅਜਿਹੀਆਂ ਘਟਨਾਵਾਂ ਦੇਖੀਆਂ ਹਨ, ਜਿਨ੍ਹਾਂ ਨੂੰ ਮੈਂ ਇਸ ਫਿਲਮ 'ਚ ਵੀ ਸ਼ਾਮਲ ਕੀਤਾ ਹੈ। ਮੈਂ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਪਿੰਡ ਵਿੱਚ ਬਿਤਾਇਆ ਹੈ, ਇਸ ਲਈ ਮੈਂ ਜਾਣ ਸਕਦਾ ਹਾਂ ਕਿ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਕਿਹੜੇ ਸਦਮੇ ਵਿੱਚੋਂ ਲੰਘਣਾ ਪੈਂਦਾ ਹੈ। ਮੈਂ ਹਮੇਸ਼ਾ ਇਸ ਮੁੱਦੇ 'ਤੇ ਫਿਲਮ ਬਣਾਉਣਾ ਚਾਹੁੰਦਾ ਸੀ।