Amar Noori Sardool Sikander Marriage Anniversary: ਪੰਜਾਬੀ ਗਾਇਕ ਸਰਦੂਲ ਸਿਕੰਦਰ ਅੱਜ ਭਾਵੇਂ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਅੱਜ ਵੀ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਤੇ ਪ੍ਰਸਿੱਧ ਗਾਇਕਾ ਅਮਰ ਨੂਰੀ ਦੀ ਜ਼ਿੰਦਗੀ 'ਚ ਅਜਿਹਾ ਕੋਈ ਪਲ ਨਹੀਂ ਗੁਜ਼ਰਦਾ, ਜਦੋਂ ਉਹ ਆਪਣੇ ਮਰਹੂਮ ਪਤੀ ਨੂੰ ਯਾਦ ਨਾ ਕਰਦੀ ਹੋਵੇ। ਅੱਜ ਯਾਨਿ 30 ਜਨਵਰੀ ਨੂੰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਮੈਰਿਜ ਐਨੀਵਰਸਰੀ ਹੈ। ਇਸ ਮੌਕੇ ਅਮਰ ਨੂਰੀ ਸਰਦੂਲ ਨੂੰ ਯਾਦ ਕਰ ਭਾਵੁਕ ਹੋ ਗਈ।
ਅਮਰ ਨੂਰੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਆਪਣੇ ਮਰਹੂਮ ਪਤੀ ਸਰਦੂਲ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਨੂਰੀ ਨੇ ਕੈਪਸ਼ਨ ਵਿੱਚ ਲਿੱਖਿਆ, 'ਮਿੱਸ ਯੂ ਮੇਰੀ ਜਾਨ, ਅੱਜ ਦੇ ਦਿਨ 30 ਜਨਵਰੀ ਨੂੰ ਆਪਣਾ ਵਿਆਹ ਹੋਇਆ ਸੀ 1993 'ਚ। ਲਵ ਯੂ, ਹਰ ਜਨਮ 'ਚ ਇੰਤਜ਼ਾਰ ਕਰਾਂਗੀ।'
ਪਰਿਵਾਰ ਦੇ ਖਿਲਾਫ ਜਾ ਕੇ ਨੂਰੀ ਨੇ ਸਰਦੂਲ ਨੂੰ ਬਣਾਇਆ ਸੀ ਹਮਸਫਰ
13 ਸਾਲ ਦੀ ਉਮਰ 'ਚ ਅਮਰ ਨੂਰੀ ਦਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ। ਉਸ ਸਮੇਂ ਉਹ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ ਸੀ। ਇਸੇ ਦੌਰਾਨ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ ਤੇ ਉਨ੍ਹਾਂ ਨੇ ਸਿਕੰਦਰ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਦੀ ਮੁਲਾਕਾਤ ਸਰਦੂਲ ਸਿਕੰਦਰ ਦੇ ਚਾਚੇ ਦੇ ਮੁੰਡੇ ਦੇ ਵਿਆਹ 'ਤੇ ਹੋਈ ਸੀ। ਇੱਥੇ ਨੂਰੀ ਨੇ ਸਟੇਜ ਪਰਫਾਰਮੈਂਸ ਦਿੱਤਾ ਸੀ। ਸਰਦੂਲ ਨੂਰੀ ਦੀ ਪਰਫਾਸਮੈਂਸ ਤੋਂ ਇੰਨੇਂ ਪ੍ਰਭਾਵਤ ਹੋਏ ਸੀ ਕਿ ਉਨ੍ਹਾਂ ਨੇ ਨੂਰੀ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਇਕੱਠੇ ਕਈ ਲਾਈਵ ਸ਼ੋਅਜ਼ ਕੀਤੇ।
ਸਟੇਜ ਸ਼ੋਅਜ਼ ਦੌਰਾਨ ਤੇ ਗਾਣਿਆਂ ਦੀ ਪ੍ਰੈਕਟਿਸ ਦੌਰਾਨ ਨੂਰੀ ਦੀ ਸਿਕੰਦਰ ਨਾਲ ਨੇੜਤਾ ਵਧਦੀ ਰਹੀ। ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਨ ਲੱਗ ਪਏ ਸੀ। ਇੱਕ ਦਿਨ ਸਰਦੂਲ ਸਿਕੰਦਰ ਨੇ ਗੀਤਾਂ ਵਾਲੀ ਕਾਪੀ 'ਤੇ ਅਮਰ ਨੂਰੀ ਨੂੰ ਆਈ ਲਵ ਯੂ ਲਿਖ ਕੇ ਦਿੱਤਾ। ਅਮਰ ਨੂਰੀ ਦੇ ਦਿਲ 'ਚ ਵੀ ਸਿਕੰਦਰ ਲਈ ਬੇਸ਼ੁਮਾਰ ਪਿਆਰ ਸੀ। ਉਨ੍ਹਾਂ ਨੇ ਤੁਰੰਤ ਸਿਕੰਦਰ ਦਾ ਪ੍ਰਪੋਜ਼ਲ ਸਵੀਕਾਰ ਕਰ ਲਿਆ। ਹਾਲਾਂਕਿ ਅਮਰ ਨੂਰੀ ਦੇ ਪਰਿਵਾਰ ਨੂੰ ਸਰਦੂਲ ਸਿਕੰਦਰ ਜ਼ਿਆਦਾ ਪਸੰਦ ਨਹੀਂ ਸੀ। ਉਹ ਨਹੀਂ ਚਾਹੁੰਦੇ ਸੀ ਕਿ ਨੂਰੀ ਸਰਦੂਲ ਨਾਲ ਵਿਆਹ ਕਰੇ। ਪਰ ਨੂਰੀ ਨੇ ਠਾਣ ਲਿਆ ਸੀ ਕਿ ਉਹ ਸਰਦੂਲ ਨੂੰ ਹੀ ਆਪਣਾ ਹਮਸਫਰ ਬਣਾਵੇਗੀ। ਆਖਰ ਪਰਿਵਾਰ ਨੂੰ ਨੂਰੀ ਦੀ ਜ਼ਿੱਦ ਅੱਗੇ ਝੁਕਣਾ ਪਿਆ। ਇਸ ਤੋਂ ਬਾਅਦ 30 ਜਨਵਰੀ 1993 ਨੂੰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਨ੍ਹਾਂ ਦੇ ਘਰ ਆਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਨੇ ਜਨਮ ਲਿਆ।
2021 'ਚ ਹੋਈ ਸਰਦੂਲ ਸਿਕੰਦਰ ਦੀ ਮੌਤ
2021 'ਚ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਪਿਆਰੀ ਜੋੜੀ ਟੁੱਟ ਗਈ। ਕਿਉਂਕਿ ਉਸੇ ਸਾਲ ਸਰਦੂਲ ਸਿਕੰਦਰ ਕੋਰੋਨਾ ਵਾਇਰਸ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਪਰ ਨੂਰੀ ਅੱਜ ਤੱਕ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਸਰਦੂਲ ਨਾਲ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।