ਅਮੈਲੀਆ ਪੰਜਾਬੀ ਦੀ ਰਿਪੋਰਟ
Gurdas Maan New Song: ਲੈਜੇਂਡਰੀ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਨਵਾਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਯਾਨਿ ਬੁੱਧਵਾਰ ਨੂੰ ਮਾਨ ਨੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਟੀਜ਼ਰ ਰਿਲੀਜ਼ ਕਰਦਿਆਂ ਮਾਨ ਨੇ ਕੈਪਸ਼ਨ `ਚ ਲਿਖਿਆ, "ਪੂਰਾ ਗੀਤ 7 ਸਤੰਬਰ ਨੂੰ ਰਿਲੀਜ਼ ਹੋਵੇਗਾ।" ਦੇਖੋ ਗੁਰਦਾਸ ਮਾਨ ਦੀ ਪੋਸਟ:
ਗੀਤ `ਚ ਪੰਜਾਬੀਆਂ `ਤੇ ਕੱਸਿਆ ਤਿੱਖਾ ਤੰਜ
ਗੁਰਦਾਸ ਮਾਨ ਇਸ ਗੀਤ `ਚ ਪੰਜਾਬੀਆਂ ਤੇ ਤਿੱਖੇ ਤੰਜ ਕਸਦੇ ਨਜ਼ਰ ਆ ਰਹੇ ਹਨ। ਗੀਤ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਹਾਲੇ ਤੱਕ ਇਸ ਦਾ ਅਧਿਕਾਰਤ ਵੀਡੀਓ ਸਾਹਮਣੇ ਨਹੀਂ ਆਇਆ ਹੈ। ਪਰ ਗੀਤ ਦੇ ਪੋਸਟਰ `ਤੇ ਉਹ ਮਿਹਣੇ ਦੇਖੇ ਜਾ ਸਕਦੇ ਹਨ ਜੋ ਗੁਰਦਾਸ ਮਾਨ ਨੂੰ ਉਦੋਂ ਸੁਣਨੇ ਪਏ ਸੀ, ਜਦੋਂ ਉਹ ਹਿੰਦੀ ਨੂੰ ਮਾਂ ਬੋਲੀ ਆਖ ਬੈਠੇ ਸੀ। ਇਸ ਤੋਂ ਬਾਅਦ ਪੰਜਾਬੀਆਂ ਨੇ ਮਾਨ ਨੂੰ ਜੰਮ ਕੇ ਟਰੋਲ ਕੀਤਾ ਸੀ। ਇਸ ਗੀਤ ਦੀ ਇੱਕ ਲਾਈਨ `ਚ ਤਾਂ ਮਾਨ ਇਹ ਵੀ ਕਹਿ ਰਹੇ ਹਨ ਕਿ `ਬੇਕਦਰੇ ਲੋੋਕਾਂ `ਚ ਕੀ ਕਦਰ ਕਰਾ ਲੇਂਗਾ।"
ਕਿਉਂ ਬਣਾਇਆ ਇਹ ਗੀਤ?
ਦਰਅਸਲ, ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ `ਚ ਘਿਰ ਗਏ ਸੀ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।
ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਤੇ ਲੋਕਾਂ ਦੇ ਉਹ ਕਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ। ਤੇ ਹੁਣ 3 ਸਾਲਾਂ ਬਾਅਦ ਮਾਨ ਇਸ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।