Jaswinder Brar On Women Empowerment: ਪੰਜਾਬੀ ਗਾਇਕਾ ਜਸਵਿੰਦਰ ਬਰਾੜ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਦਮ ‘ਤੇ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਇਸ ਦੇ ਨਾਲ ਨਾਲ ਗਾਇਕਾ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਜਸਵਿੰਦਰ ਬਰਾੜ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਔਰਤਾਂ ਦੇ ਹੱਕਾਂ ‘ਤੇ ਖੁੱਲ੍ਹ ਕੇ ਚਰਚਾ ਕਰਦੀ ਨਜ਼ਰ ਆ ਰਹੀ ਹੈ। ਜਸਵਿੰਦਰ ਬਰਾੜ ਨੇ ਆਪਣੀ ਇੱਕ ਇੰਟਰਵਿਊ ‘ਚ ਕਿਹਾ, “ਸ਼ੁਰੂ ਤੋਂ ਹੀ ਮਰਦ ਪ੍ਰਧਾਨ ਸਮਾਜ ਨੇ ਸਾਰੀਆਂ ਤਕਲੀਫ਼ਾਂ ਔਰਤ ਦੇ ਪੱਲੇ ਨਾਲ ਬੰਨ੍ਹ ਦਿੱਤੀਆਂ ਹਨ। ਮੈਨੂੰ ਲੱਗਦਾ ਹੈ ਕਿ ਸਮਾਜ ਨੂੰ ਸਾਡੇ ਤੋਂ ਡਰ ਹੈ। ਇਹ ਇੱਕ ਖੌਫ ਹੈ। ਇਸੇ ਖੌਫ ਦੇ ਚਲਦੇ ਸਮਾਜ ਨੇ ਔਰਤਾਂ ‘ਤੇ ਬੇਮਤਲਬ ਪਾਬੰਦੀਆਂ ਲਗਾਈਆਂ ਹਨ। ਮੈਂ ਇਹ ਨਹੀਂ ਕਹਿੰਦੀ ਕਿ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਪਾਬੰਦੀਆਂ ਲਗਾਓ, ਪਰ ਇੰਨਾਂ ਵੀ ਨਹੀਂ ਕਿ ਕਿਸੇ ਦਾ ਦਮ ਘੁਟਣ ਲੱਗ ਜਾਵੇ।”
ਅੱਗੇ ਜਸਵਿੰਦਰ ਬਰਾੜ ਨੇ ਕਿਹਾ, “ਕਿਸੇ ਦੇ ਦਿਲ ‘ਚ ਕੀ ਹੈ ਇਹ ਸਭ ਜਾਣਦੇ ਹਨ ਔਰਤ ਹਰ ਨਿਗ੍ਹਾ ਪਛਾਣਦੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਟੀਵੀ ਸੀਰੀਅਲ ਦਾ ਹਵਾਲਾ ਦਿੰਦਿਆਂ ਸਮਾਜ ‘ਚ ਔਰਤਾਂ ਦਾ ਹਾਲ ਬਿਆਨ ਕੀਤਾ। ਉਨ੍ਹਾਂ ਕਿਹਾ, “ਇੱਕ ਸੀਰੀਅਲ ਆਉਂਦਾ ਸੀ ਟੀਵੀ ‘ਤੇ ਬੈਰਿਸਟਰ ਬਾਬੂ। ਉਸ ਵਿੱਚ ਇੱਕ ਔਰਤ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਨੂੰ ਗੰਜਾ ਕਰ ਦਿੰਦੇ ਹਨ। ਇਸ ਦੇ ਨਾਲ ਹੀ ਉਹ ਚਿੱਟੀ ਸਾੜੀ ਪਾਉਂਦੀ ਹੈ ਤੇ ਨਾਲ ਹੀ ਫਿੱਕਾ ਖਾਣਾ ਖਾਂਦੀ ਹੈ। ਇਸ ‘ਤੇ ਉਸ ਔਰਤ ਦੀ ਬੇਟੀ ਆਪਣੇ ਮਾਮੇ ਨੂੰ ਪੁੱਛਦੀ ਹੈ ਕਿ ਮੇਰੀ ਮੰਮੀ ਨਾਲ ਇੰਜ ਕਿਉਂ ਹੋ ਰਿਹਾ ਤਾਂ ਜਵਾਬ ਮਿਲਦਾ ਹੈ ਕਿ ਉਸ ਦਾ ਪਤੀ ਮਰ ਗਿਆ। ਅੱਗੋਂ ਵਿਧਵਾ ਔਰਤ ਦੀ ਬੇਟੀ ਪੁੱਛਦੀ ਹੈ ਕਿ ਜੇ ਉਸ ਦੀ ਮਾਂ ਮਰ ਜਾਂਦੀ ਤਾਂ ਕੀ ਉਸ ਦੇ ਪਿਓ ‘ਤੇ ਇੰਨੀਂ ਪਾਬੰਦੀਆਂ ਲਗਾਈਆਂ ਜਾਂਦੀਆਂ?”
ਇਸ ਇੰਟਰਵਿਊ ਦਾ ਵੀਡੀਓ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਮੈਨੂੰ ਪੇਂਡੂ ਖੇਤਰ ‘ਚ ਅੱਜ ਵੀ ਔਰਤ ਗੁਲਾਮ ਲੱਗਦੀ ਹੈ। ਤੁਹਾਡੇ ਵਿਚਾਰ?”