Nachhatar Gill Social Media Post: ਪੰਜਾਬੀ ਸਿੰਗਰ ਨਛੱਤਰ ਗਿੱਲ ‘ਤੇ ਹਾਲ ਹੀ ‘ਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ ਦਾ ਕੈਂਸਰ ਨਾਲ ਹਾਲ ਹੀ ‘ਚ ਦੇਹਾਂਤ ਹੋਇਆ ਹੈ। ਇਸ ਹਾਦਸੇ ਨੇ ਨਛੱਤਰ ਗਿੱਲ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਇਸ ਦਾ ਪਤਾ ਉਨ੍ਹਾਂ ਦੀ ਤਾਜ਼ਾ ਤਸਵੀਰ ਦੇਖ ਕੇ ਲੱਗਦਾ ਹੈ, ਜੋ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
ਨਛੱਤਰ ਗਿੱਲ ਨੇ ਆਪਣੀ ਤਾਜ਼ਾ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਅਜਿਹੀ ਕੈਪਸ਼ਨ ਲਿਖੀ, ਜਿਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਹੀ ਨਹੀਂ ਉਨ੍ਹਾਂ ਦੇ ਫੈਨਜ਼ ਦੁੱਖ ਦੀ ਘੜੀ ‘ਚ ਉਨ੍ਹਾਂ ਦਾ ਹੌਸਲਾ ਵਧਾਉਂਦੇ ਨਜ਼ਰ ਆ ਰਹੇ ਹਨ। ਨਛੱਤਰ ਗਿੱਲ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਦਿਲ ਹੀ ਉਦਾਸ ਹੈ, ਬਾਕੀ ਸਭ ਠੀਕ ਹੈ।’ ਦੇਖੋ ਨਛੱਤਰ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਨਛੱਤਰ ਗਿੱਲ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗਾਣੇ ਦਿੱਤੇ ਹਨ। ਹਾਲ ਹੀ ਗਾਇਕ ਆਪਣੇ ਧੀ-ਪੁੱਤਰ ਦੇ ਵਿਆਹ ਲਈ ਆਪਣੇ ਜੱਦੀ ਪਿੰਡ ਪਰਿਵਾਰ ਨਾਲ ਆਇਆ ਹੋਇਆ ਸੀ। ਇਸ ਦੌਰਾਨ ਗਾਇਕ ਦੀ ਪਤਨੀ ਦੀ ਮੌਤ ਹੋ ਗਈ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਇੱਕ ਪਲ ਵਿੱਚ ਗਮਾਂ ‘ਚ ਤਬਦੀਲ ਹੋ ਗਿਆ ਸੀ। ਦਰਅਸਲ, ਆਪਣੀ ਪੁੱਤਰੀ ਦੇ ਵਿਆਹ ਤੋਂ 2 ਦਿਨ ਬਾਅਦ ਹੀ ਦਲਵਿੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਬੇਟੀ ਦਾ ਵਿਆਹ ਭਾਵੇਂ ਦੇਖ ਲਿਆ ਸੀ, ਪਰ ਉਹ ਆਪਣੇ ਪੁੱਤਰ ਦਾ ਵਿਆਹ ਨਹੀਂ ਦੇਖ ਸਕੀ ਸੀ।