Pammi Bai 57th Birthday: ਪੰਜਾਬੀ ਗਾਇਕ ਪੰਮੀ ਬਾਈ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੀ ਲੋਕ ਗਾਇਕੀ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਪੰਮੀ ਬਾਈ ਨੇ ਬੀਤੇ ਦਿਨ ਯਾਨਿ 9 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਨਾਲ ਹੀ ਆਪਣੇ ਜਨਮਦਿਨ ਦਾ ਕੇਕ ਵੀ ਕੱਟਿਆ। ਪੰਮੀ ਬਾਈ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੰਮੀ ਬਾਈ ਸ਼ਾਮ ਦੇ ਸਮੇਂ ਪਹੁੰਚੇ ਸੀ। ਇਸ ਦੌਰਾਨ ਉਹ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਮਿਲ ਕਾਫ਼ੀ ਭਾਵੁਕ ਨਜ਼ਰ ਆਏ।
ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬੇਸਹਾਰਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਆਏ ਹਨ। ਲੋਕ ਮਹਿੰਗੇ ਹੋਟਲਾਂ ‘ਚ ਆਪਣਾ ਜਨਮਦਿਨ ਮਨਾਉਂਦੇ ਹਨ, ਪਰ ਉਹ ਇਨ੍ਹਾਂ ਬਜ਼ੁਰਗਾਂ ਨਾਲ ਮਨਾਉਣ ਆਏ, ਕਿਉਂਕਿ ਉਹ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਭਾਰਤ ਵਿੱਚ ਵਿਦੇਸ਼ਾਂ ਦੀ ਤਰਜ਼ ‘ਤੇ ਬਿਰਧ ਆਸ਼ਰਮ ਤਾਂ ਬਣ ਗਏ, ਪਰ ਸਹੂਲਤਾਂ ‘ਚ ਬਹੁਤ ਫਰਕ ਹੈ। ਪੰਮੀ ਬਾਈ ਨੇ ਕਿਹਾ ਕਿ ਵਿਦੇਸ਼ਾਂ ‘ਚ ਬਿਰਧ ਆਸ਼ਰਮ ਇਸ ਲਈ ਹਨ, ਕਿਉਂਕਿ ਉਨ੍ਹਾਂ ਦੇ ਦੇਸ਼ ਦਾ ਸਿਸਟਮ ਇਹੀ ਹੈ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਰਹਿੰਦੇ ਹਨ। ਇਸ ਲਈ ਬੁਢਾਪਾ ਕੱਟਣ ਵਿਦੇਸ਼ੀ ਬਜ਼ੁਰਗ ਬਿਰਧ ਆਸ਼ਰਮ ਜਾਂਦੇ ਹਨ। ਪਰ ਇੱਥੋਂ ਦੇ ਯਾਨਿ ਕਿ ਭਾਰਤ ਦੇ ਬੱਚੇ ਆਪਣੇ ਮਾਪਿਆਂ ਨੂੰ ਬੇਸਹਾਰਾ ਵਾਂਗ ਰੁਲਣ ਲਈ ਬਿਰਧ ਆਸ਼ਰਮ ਛੱਡ ਜਾਂਦੇ ਹਨ। ਇਸ ਦੇ ਨਾਲ ਹੀ ਪੰਮੀ ਬਾਈ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ‘ਚ ਕੋਈ ਬਿਰਧ ਆਸ਼ਰਮ ਹੋਣਾ ਹੀ ਨਹੀਂ ਚਾਹੀਦਾ। ਕਿਉਂਕਿ ਜਿਹੜੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਅਤੇ ਪਾਲਿਆ, ਉਨ੍ਹਾਂ ਲਈ ਬੱਚੇ ਜਿਨ੍ਹਾਂ ਕਰਨ ਘੱਟ ਹੈ।”
ਦਸ ਦਈਏ ਕਿ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ ਦੇ ਪਿੰਡ ਜੱਖੇਪਾਲ ਵਿਖੇ ਹੋਇਆ। ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ, ਪਰ ਆਪਣੇ ਚਾਹੁਣ ਵਾਲਿਆਂ ‘ਚ ਉਹ ਪੰਮੀ ਬਾਈ ਦੇ ਨਾਂ ਨਾਲ ਪ੍ਰਸਿੱਧ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਪੰਮੀ ਬਾਈ ਨੇ ਕੱਲ੍ਹ ਆਪਣੇ ਜਨਮਦਿਨ ਮੌਕੇ ਆਪਣਾ ਨਵਾਂ ਗੀਤ ‘ਰੱਬ ਦੀ ਸਹੁੰ’ ਰਿਲੀਜ਼ ਕੀਤਾ। ਇਸ ਗੀਤ ਨਾਲ ਪੰਮੀ ਬਾਈ ਨੇ ਇੰਡਸਟਰੀ ‘ਚ ਲੰਬੇ ਸਮੇਂ ਬਾਅਦ ਮੁੜ ਵਾਪਸੀ ਕੀਤੀ ਹੈ।