ਪੰਜਾਬੀ ਗਾਇਕ, ਅਦਾਕਾਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ ਕਿ ਇੰਡਸਟਰੀ ਦੇ ਹੋਰ ਵੀ ਮਸ਼ਹੂਰ ਸਿਤਾਰੇ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੁਝ ਹੋਰ ਮਸ਼ਹੂਰ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਵਿੱਚ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੈ।
ਹੁਣ ਇਸ ਦੌਰਾਨ ਖਬਰ ਆ ਰਹੀ ਹੈ ਕਿ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੰਦੀਪ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਦੀਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਡਾਇਰੈਕਟਰ ਨੇ ਇਸ ਸਬੰਧੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਸਦੀਪ ਸਿੰਘ ਨੂੰ ਧਮਕੀਆਂ ਮਿਲਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਵੀ ਬਿਆਨ ਜਾਰੀ ਕੀਤਾ ਹੈ। ਪੁਲਸ ਮੁਤਾਬਕ, 'ਫਿਲਮ ਨਿਰਮਾਤਾ ਸੰਦੀਪ ਸਿੰਘ ਨੂੰ ਫੇਸਬੁੱਕ ਰਾਹੀਂ ਧਮਕੀਆਂ ਮਿਲੀਆਂ ਹਨ। ਸੰਦੀਪ ਨੇ ਮੁੰਬਈ ਦੇ ਸਥਾਨਕ ਪੁਲਿਸ ਸਟੇਸ਼ਨ 'ਚ ਮਾਮਲਾ ਵੀ ਦਰਜ ਕਰਵਾਇਆ ਹੈ। ਧਮਕੀ 'ਚ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਜਾਨੋਂ ਮਾਰਨ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''
ਦੱਸ ਦੇਈਏ ਕਿ ਹਾਲ ਹੀ ਵਿੱਚ ਸਲਮਾਨ ਖਾਨ ਦੇ ਵਕੀਲ ਹਸਤੀਮਲ ਸਾਰਸਵਤ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਪਰਚੀ ਲਿਖ ਕੇ ਪੁਰਾਣੀ ਹਾਈਕੋਰਟ ਜੁਬਲੀ ਚੈਂਬਰ ਆਫ਼ ਸਾਰਸਵਤ ਦੇ ਦਫ਼ਤਰ ਵਿੱਚ ਪਾ ਦਿੱਤੀ ਸੀ। ਪਰਚੀ ਮਿਲਣ 'ਤੇ ਹਸਤੀਮਲ ਸਾਰਸਵਤ ਨੇ ਮਹਾਮੰਦਰ ਥਾਣੇ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਇਸ ਤੋਂ ਪਹਿਲਾਂ ਬਿੱਗ ਬੌਸ ਫੇਮ ਮਨੂ ਪੰਜਾਬੀ ਨੂੰ ਵੀ ਅਜਿਹੀ ਹੀ ਧਮਕੀ ਦਿੱਤੀ ਗਈ ਸੀ। ਮਨੂ ਨੇ ਕਿਹਾ ਕਿ ਉਸ ਨੂੰ ਧਮਕੀ ਭਰੀ ਈ-ਮੇਲ ਮਿਲੀ ਸੀ। ਇਸ ਮੇਲ ਵਿੱਚ ਮਨੂ ਪੰਜਾਬੀ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਇਸ ਮਾਮਲੇ 'ਤੇ ਮੀਡੀਆ ਰਿਪੋਰਟਾਂ ਮੁਤਾਬਕ ਮਨੂ ਨੇ ਕਿਹਾ ਸੀ, 'ਮੈਨੂੰ ਉਸ ਨੂੰ 10 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ। ਜੇਕਰ ਮੈਂ ਅਜਿਹਾ ਨਾ ਕੀਤਾ ਤਾਂ ਮੈਨੂੰ ਵੀ ਸਿੱਧੂ ਮੂਸੇਵਾਲਾ ਵਾਂਗ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।