ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਦਿਨਾਂ ਤੋਂ ਕੋਸਿਆ ਜਾ ਰਿਹਾ ਸੀ ਕਿ ਉਹ ਕਿਸਾਨੀ ਅੰਦੋਲਨ ਲਈ ਦਿੱਲੀ ਨਹੀਂ ਪਹੁੰਚ ਰਹੇ। ਉਹ ਸਿਰਫ ਸੋਸ਼ਲ ਮੀਡੀਆ ਰਾਹੀਂ ਦੱਸ ਰਹੇ ਸੀ ਕਿ ਉਹ ਕਿਸਾਨਾਂ ਦੇ ਨਾਲ ਹਨ, ਪਰ ਅੱਜ ਸਿੱਧੂ ਮੂਸਵਾਲਾ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
ਸਿੱਧੂ ਨੂੰ ਕੋਸਿਆ ਇਸ ਲਈ ਵੀ ਗਿਆ ਕਿ ਜਦ ਧਰਨੇ ਪੰਜਾਬ 'ਚ ਸੀ ਤਾਂ ਸਿੱਧੂ ਮਾਨਸਾ 'ਚ ਵੱਧ ਚੜ ਕੇ ਕੇਂਦਰ ਖਿਲਾਫ ਪ੍ਰਦਰਸ਼ਨ 'ਚ ਹਿੱਸਾ ਲੈ ਰਹੇ ਸੀ, ਜਿਸ 'ਚ ਸਿੱਧੂ ਨਾਲ ਆਰ ਨੇਤ ਤੇ ਅੰਮ੍ਰਿਤ ਮਾਨ ਵੀ ਸ਼ਾਮਲ ਸੀ। ਆਰ ਨੇਤ ਵੀ ਇਕ ਵਾਰ ਦਿੱਲੀ ਪਹੁੰਚ ਗਏ ਸੀ, ਪਰ ਅੰਮ੍ਰਿਤ ਮਾਨ ਦਾ ਅਜੇ ਜਾਣਾ ਬਾਕੀ ਹੈ। ਕਿਸਾਨਾਂ ਦੀ ਇਸ ਲੜਾਈ ਨੂੰ ਪੰਜਾਬ ਦੇ ਕਲਾਕਾਰਾਂ ਵਲੋਂ ਵੀ ਵਧ ਚੜ ਕੇ ਸਹਿਯੋਗ ਮਿਲ ਰਿਹਾ ਹੈ।
ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ 'ਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ। ਬੱਬੂ ਮਾਨ ਵੀ ਜਦ ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚੇ ਤਾਂ ਸਿੱਧਾ ਕਿਸਾਨਾਂ ਵਾਲੇ ਮੋਰਚੇ 'ਚ ਸ਼ਾਮਲ ਹੋਏ ਤੇ ਸਭ ਨੂੰ ਸੰਬੋਧਿਤ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਕੰਵਰ ਗਰੇਵਾਲ, ਹਰਫ਼ ਚੀਮਾ, ਦੀਪ ਸਿੱਧੂ ਤੇ ਜੱਸ ਬਾਜਵਾ ਵਰਗੇ ਪੰਜਾਬੀ ਕਲਾਕਾਰ ਵੀ ਲਗਾਤਾਰ ਇਨ੍ਹਾਂ ਮੋਰਚਿਆਂ ਦਾ ਹਿੱਸਾ ਹਨ।