ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਭਾਰਤੀ ਨਾਗਰਿਕਤਾ ਦੇ ਦਰ ਖੋਲ੍ਹਣ ਕਾਰਨ ਪੰਜਾਬ ਦੇ ਸਿੱਖ ਤੇ ਹਿੰਦੂ ਰਿਫ਼ਿਊਜੀ (ਸ਼ਰਨਾਰਥੀ) ਡਾਢੇ ਖ਼ੁਸ਼ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਐਲਾਨ ਦਾ ਸੁਆਗਤ ਕੀਤਾ ਹੈ। ਲੁਧਿਆਣਾ ਦੇ ਕੁਝ ਸ਼ਰਨਾਰਥੀ ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਕੇਂਦਰ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਅਫ਼ਗ਼ਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ ਰਿਫ਼ਿਊਜੀਆਂ ਤੋਂ ਅਰਜ਼ੀਆਂ ਪਹਿਲ ਦੇ ਆਧਾਰ ’ਤੇ ਲੈਣੀਆਂ ਚਾਹੀਦੀਆਂ ਹਨ।

 

ਲੁਧਿਆਣਾ ’ਚ ਅਜਿਹੇ 40 ਤੇ ਖੰਨਾ ’ਚ 24 ਰਿਫ਼ਿਊਜੀ ਪਰਿਵਾਰ ਹਨ। ਉਨ੍ਹਾਂ ਵਿੱਚੋਂ ਬਹੁਤੇ ਫਲ, ਸਬਜ਼ੀਆਂ ਤੇ ਕੱਪੜੇ ਵੇਚਦੇ ਹਨ। ਉਨ੍ਹਾਂ ਅਜਿਹਾ ਕਾਨੂੰਨ ਲਾਗੂ ਕਰਨ ਉੱਤੇ ਖ਼ੁਸ਼ੀ ਵੀ ਪ੍ਰਗਟਾਈ ਤੇ ਸ਼ੁਕਰੀਆ ਵੀ ਅਦਾ ਕੀਤਾ ਕਿ ਹੁਣ ਉਹ ਭਾਰਤ ਦੇ ਬਾਕਾਇਦਾ ਨਾਗਰਿਕ ਬਣਨ ਦੇ ਯੋਗ ਹੋ ਗਏ ਹਨ।

ਇਨ੍ਹਾਂ ’ਚ ਸ਼ੰਕਰ ਸਿੰਘ ਤੇ ਜੀਵਨ ਸਿੰਘ ਦੀਆਂ ਵਿਧਵਾਵਾਂ ਵੀ ਸ਼ਾਮਲ ਹਨ। ਇਨ੍ਹਾਂ ਦੇ ਪਤੀਆਂ ਨੂੰ 25 ਮਾਰਚ, 2020 ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਅਫ਼ਗ਼ਾਨ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ ਸੀ। ਪਰਮਜੀਤ ਕੌਰ (45) ਤੇ ਹਰਪ੍ਰੀਤ ਕੌਰ (40) ਆਪਣੇ ਪਤੀਆਂ ਦੀ ਮੌਤ ਤੋਂ ਬਾਅਦ ਇਸ ਵੇਲੇ ਬਹੁਤ ਦੁੱਖਾਂ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ।

 

ਲੁਧਿਆਣਾ ਦੇ ਛਾਵਣੀ ਮੁਹੱਲਾ ’ਚ ਰਹਿੰਦੇ ਪਰਮਜੀਤ ਕੌਰ ਦੀਆਂ ਤਿੰਨ ਧੀਆਂ ਹਨ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਮੋਹਿਤ ਖੰਨਾ ਦੀ ਰਿਪੋਰਟ ਅਨੁਸਾਰ ਹਰਪ੍ਰੀਤ ਕੌਰ ਵੀ ਕਿਰਾਏ ਦੇ ਇੱਕ ਕਮਰੇ ’ਚ ਰਹਿੰਦੇ ਹਨ ਤੇ ਆਪਣੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਉਨ੍ਹਾਂ ਨੂੰ ਮਾੜੇ-ਮੋਟੇ ਕੰਮ ਕਰਨੇ ਪੈਂਦੇ ਹਨ। ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਸਿਰਫ਼ ਇੱਕ ਰਾਸ਼ਨ ਕਾਰਡ ਲਈ ਤਰਸ ਰਹੇ ਹਨ। ਹੁਣ ਜਦੋਂ ਕੇਂਦਰ ਸਰਕਾਰ ਨੇ ਨਾਗਰਿਕਤਾ ਦੇਣ ਲਈ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਹੁਣ ਅਜਿਹੇ ਦਸਤਾਵੇਜ਼ ਬਣਵਾਉਣ ਦੀ ਕੁਝ ਆਸ ਬੱਝੀ ਹੈ।

 

ਇੰਝ ਹੀ ਹਰਪ੍ਰੀਤ ਕੌਰ ਨੇ ਕਿਹਾ,‘ਮੈਂ ਕਿਉਂਕਿ ਇੱਕ ਅਫ਼ਗ਼ਾਨ ਨਾਗਰਿਕ ਹਾਂ, ਇਸ ਲਈ ਮੇਰੇ ਪਤੀ ਦੇ ਕਤਲ ਲਈ ਮੁਆਵਜ਼ੇ ਅਤੇ ਨਾਗਰਿਕਤਾ ਹਾਸਲ ਕਰਨ ਲਈ ਦਿੱਤੀਆਂ ਅਰਜ਼ੀ ਮੁਲਤਵੀ ਪਈਆਂ ਹਨ। ਹੁਣ ਸ਼ਾਇਦ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਹੋ ਸਕੇ।’

 

ਕਾਬੁਲ ਤੋਂ ਹਿਜਰਤ ਕਰ ਕੇ ਆਏ ਰਿਫ਼ਿਊਜੀ ਅਮਰੀਕ ਸਿੰਘ ਨੇ ਦੱਸਿਆ ਕਿ ਉਹ 2013 ਤੋਂ ਲੁਧਿਆਣਾ ’ਚ ਰਹਿ ਰਹੇ ਹਨ। ਉਨ੍ਹਾਂ ਵੀ ਭਾਰਤ ਸਰਕਾਰ ਦੇ ਤਾਜ਼ਾ ਫ਼ੈਸਲੇ ਉੱਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ‘ਮੈਂ ਜਦੋਂ ਭਾਰਤ ’ਚ ਆ ਕੇ ਪਨਾਹ ਲਈ ਸੀ, ਉਦੋਂ ਦਹਿਸ਼ਤਗਰਦ ਅਫ਼ਗ਼ਾਨਿਸਤਾਨ ’ਚੋਂ ਘੱਟ-ਗਿਣਤੀਆਂ ਦਾ ਘਾਣ ਕਰਨ ’ਤੇ ਤੁਲੇ ਹੋਏ ਸਨ। ਅਸੀਂ ਕਿਉਂਕਿ ਭਾਰਤ ਦੇ ਨਾਗਰਿਕ ਨਹੀਂ ਹਾਂ, ਇਸੇ ਲਈ ਅਸੀਂ ਆਧਾਰ ਕਾਰਡ ਬਣਵਾਉਣ ਦੇ ਯੋਗ ਨਹੀਂ ਹਾਂ। ਹੁਣ ਹਰ ਚੀਜ਼ ਆਧਾਰ ਨਾਲ ਜੋੜ ਦਿੱਤੀ ਗਈ ਹੈ ਤੇ ਇਸ ਲਈ ਇਸ ਦਸਤਾਵੇਜ਼ ਤੋਂ ਬਗ਼ੈਰ ਅਸੀਂ ਕੋਈ ਵੀ ਫ਼ਾਇਦਾ ਲੈਣ ਤੋਂ ਮਹਿਰੂਮ ਹਾਂ।’

 

ਦਸਾਲ 2012 ਦੌਰਾਨ ਅਫ਼ਗ਼ਾਨਿਸਤਾਨ ਤੋਂ ਭਾਰਤ ਪੁੱਜੇ ਸ਼ੰਮੀ ਸਿੰਘ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲਣ ’ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅਸੀਂ ਆਧਾਰ ਕਾਰਡ ਤੇ ਰਾਸ਼ਨ ਕਾਰਡ ਦੇ ਨਾਲ-ਨਾਲ ਅਜਿਹੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਯੋਗ ਹੋ ਜਾਵਾਂਗੇ ਤੇ ਇੱਜ਼ਤ-ਮਾਣ ਨਾਲ ਜ਼ਿੰਦਗੀ ਬਤੀਤ ਕਰ ਸਕਾਂਗੇ।

 

ਖੰਨਾ ’ਚ ਸਬਜ਼ੀ ਦੀ ਰੇਹੜੀ ਲਾਉਂਦੇ 41 ਸਾਲਾ ਪੁਜਾਰੀ ਲਾਲ ਨੇ ਦੱਸਿਆ ਕਿ ਉਹ ਹਾਲੇ ਤੱਕ ਇੱਥੇ ਗ਼ੈਰ-ਕਾਨੂੰਨੀ ਪ੍ਰਵਾਸੀ ਵਜੋਂ ਹੀ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਸ਼ਹਿਰ ਤੋਂ 25 ਜਣੇ ਭਾਰਤ ਆਏ ਸਨ ਕਿਉਂਕਿ ਤਦ ਇਸਲਾਮਿਕ ਮੂਲਵਾਦੀ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਸਨ।