Sukhpal Khaira Supports Jenny Johal: ਪੰਜਾਬੀ ਸਿੰਗਰ ਜੈਨੀ ਜੌਹਲ ਦਾ ਗਾਣਾ `ਲੈਟਰ ਟੂ ਸੀਐਮ` ਹਾਲ ਹੀ `ਚ ਰਿਲੀਜ਼ ਹੋਇਆ ਸੀ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿਤਾ ਸੀ। ਪਰ ਰਿਲੀਜ਼ ਤੋਂ ਕੁੱਝ ਘੰਟਿਆਂ ਬਾਅਦ ਹੀ ਪੰਜਾਬ ਸਰਕਾਰ ਦੀ ਸ਼ਿਕਾਇਤ ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਸੂਬੇ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਜੈਨੀ ਜੌਹਲ ਦੇ ਹੱਕ ਵਿੱਚ ਕਈ ਪੰਜਾਬੀ ਕਲਾਕਾਰ ਬਿਆਨ ਦੇ ਚੁੱਕੇ ਹਨ। ਹੁਣ ਪੰਜਾਬ ਦੇ ਸਿਆਸਤਦਾਨ ਵੀ ਸਿੰਗਰ ਦਾ ਖੁੱਲ ਕੇ ਸਮਰਥਨ ਕਰ ਰਹੇ ਹਨ।


ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਜੈਨੀ ਜੌਹਲ ਦਾ ਗੀਤ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਆਪਣੀ ਪੋਸਟ `ਚ ਲਿਖਿਆ, "ਜੈਨੀ ਜੌਹਲ ਦੇ ਪਿਆਰੇ ਤੇ ਅਰਥ ਭਰਪੂਰ ਗੀਤ ਨੂੰ ਇਸ ਤਰ੍ਹਾਂ ਹਟਾਏ ਜਾਣ ਦਾ ਮੈਂ ਵਿਰੋਧ ਕਰਦਾ ਹਾਂ। ਜੈਨੀ ਜੌਹਲ ਨੇ ਆਪਣੇ ਗੀਤ ਰਾਹੀਂ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਤਾਂ ਸਰਕਾਰ ਨੂੰ ਬੁਰਾ ਲੱਗ ਗਿਆ।" ਇਸ ਦੇ ਨਾਲ ਹੀ ਖਹਿਰਾ ਨੇ ਆਪਣੀ ਪੋਸਟ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਟੈਗ ਕਰ ਉਨ੍ਹਾਂ ਨੂੰ ਕਿਹਾ ਕਿ ਇਹ "ਬਦਲਾਅ" ਨਹੀਂ "ਬਦਲਾ" ਸਿਆਸਤ ਹੈ।









ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦਾ ਗੀਤ `ਲੈਟਰ ਟੂ ਸੀਐਮ` ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਇਸ ਤੋਂ ਕੁੱਝ ਘੰਟਿਆਂ ਬਾਅਦ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ। ਇਹੀ ਨਹੀਂ ਇਸ ਗੀਤ ਨੂੰ ਲਿਖਣ ਤੇ ਗਾਉਣ ਲਈ ਜੌਹਲ ਖਿਲਾਫ਼ ਕੇਸ ਵੀ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਵੀ ਗਾਇਕਾ ਨੂੰ ਖੁੱਲਾ ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੇ ਹੱਕ `ਚ ਬੋਲਣ ਵਾਲੇ ਨੂੰ ਸਰਕਾਰ ਨੇ ਹੱਥ ਵੀ ਲਾਇਆ ਤਾਂ ਠੀਕ ਨਹੀਂ ਹੋਵੇਗਾ।