Actress Tabassum Death: ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕਰਨ ਅਤੇ ਦੂਰਦਰਸ਼ਨ ਦੇ ਪ੍ਰਸਿੱਧ ਟਾਕ ਸ਼ੋਅ 'ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ' ਦੀ ਮੇਜ਼ਬਾਨ ਵਜੋਂ ਮਸ਼ਹੂਰ ਉੱਘੀ ਅਦਾਕਾਰਾ ਤਬੱਸੁਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਹੋਸ਼ਾਂਗ ਗੋਵਿਲ ਨੇ ਸਾਂਝੀ ਕੀਤੀ ਹੈ। ਹੋਸ਼ਾਂਗ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਤਬੱਸੁਮ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਗੈਸਟਰੋ ਦੀ ਸਮੱਸਿਆ ਸੀ ਅਤੇ ਉਹ ਉਸ ਦੀ ਜਾਂਚ ਲਈ ਹਸਪਤਾਲ ਗਏ ਸਨ। ਉਨ੍ਹਾਂ ਨੂੰ ਰਾਤ 8.40 ਅਤੇ 8.42 ਵਜੇ ਦੋ ਦਿਲ ਦੇ ਦੌਰੇ ਪਏ। ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਤਬੱਸੁਮ ਨੂੰ ਇਕ ਬਾਲ ਕਲਾਕਾਰ ਦੇ ਰੂਪ ਵਿਚ 'ਬੇਬੀ ਤਬੱਸੁਮ' ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1940 ਦੇ ਦਹਾਕੇ ਦੇ ਅਖੀਰ ਵਿਚ "ਨਰਗਿਸ", "ਮੇਰਾ ਸੁਹਾਗ", "ਮੰਝਧਾਰ" ਅਤੇ "ਬੜੀ ਬਹਿਣ" ਜਿਹੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ 1972 ਤੋਂ 1993 ਤਕ ਦੂਰਦਰਸ਼ਨ 'ਤੇ ਮਸ਼ਹੂਰ ਟਾਕ ਸ਼ੋਅ "ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ" ਦੀ ਮੇਜ਼ਬਾਨੀ ਕੀਤੀ।
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਤਬੱਸੁਮ ਨੂੰ ਕੱਲ੍ਹ ਯਾਨੀ ਸ਼ੁੱਕਰਵਾਰ ਰਾਤ ਨੂੰ ਦੋ ਦਿਲ ਦੇ ਦੌਰੇ ਆਏ ਸਨ। ਉਨ੍ਹਾਂ ਨੂੰ ਸਵੇਰੇ 8:40 'ਤੇ ਪਹਿਲਾ ਅਤੇ ਦੂਜਾ ਸਵੇਰੇ 8:42 'ਤੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅੱਜ ਮੁੰਬਈ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਬੇਟੇ ਹੋਸ਼ਾਂਗ ਗੋਵਿਲ ਨੇ ਕਿਹਾ ਕਿ ਇਹ ਉਸ ਦੀ ਮਾਂ ਦੀ ਇੱਛਾ ਸੀ ਕਿ ਉਸ ਨੂੰ ਦਫ਼ਨਾਉਣ ਤੋਂ ਪਹਿਲਾਂ ਉਸ ਦੀ ਮੌਤ ਬਾਰੇ ਕਿਸੇ ਨੂੰ ਨਾ ਦੱਸਿਆ ਜਾਵੇ।
ਇਸ ਤਰ੍ਹਾਂ ਬਣਾਈ ਪਛਾਣ
ਬਚਪਨ 'ਚ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕਰਨ ਵਾਲੀ ਤਬੱਸੁਮ ਦੀ ਪਛਾਣ ਨਾ ਸਿਰਫ ਇਕ ਅਭਿਨੇਤਰੀ ਦੇ ਤੌਰ 'ਤੇ ਸੀ, ਸਗੋਂ ਉਸ ਨੇ ਟਾਕ ਸ਼ੋਅ ਹੋਸਟ ਵਜੋਂ ਵੀ ਆਪਣੀ ਪਛਾਣ ਬਣਾਈ ਸੀ। ਦੂਰਦਰਸ਼ਨ 'ਤੇ ਦੇਸ਼ ਦੇ ਪਹਿਲੇ ਟੀਵੀ ਟਾਕ ਸ਼ੋਅ 'ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ' ਦੀ ਮੇਜ਼ਬਾਨੀ ਕਰਨ ਦਾ ਸਿਹਰਾ ਤਬੱਸੁਮ ਨੂੰ ਜਾਂਦਾ ਹੈ। ਉਨ੍ਹਾਂ ਨੇ 1972 ਤੋਂ 1993 ਤੱਕ ਇਸ ਸ਼ੋਅ ਦੀ ਮੇਜ਼ਬਾਨੀ ਕੀਤੀ, ਜਿਸ ਰਾਹੀਂ ਉਸਨੂੰ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਉਹ ਇੱਕ ਯੂਟਿਊਬਰ ਵੀ ਸੀ ਜਿਸ ਰਾਹੀਂ ਉਹ ਫ਼ਿਲਮ ਇੰਡਸਟਰੀ ਅਤੇ ਫ਼ਿਲਮ ਅਦਾਕਾਰਾਂ ਦੀਆਂ ਅਣਸੁਣੀਆਂ ਅਤੇ ਮਜ਼ਾਕੀਆ ਕਹਾਣੀਆਂ ਸੁਣਾਉਂਦੀ ਸੀ।