ਗਗਨਦੀਪ ਸ਼ਰਮਾ ਦੀ ਰਿਪੋਰਟ

ਅੰਮ੍ਰਿਤਸਰ: ਪੰਜਾਬ 'ਚ ਲੋਹੜੀ ਦਾ ਤਿਉਹਾਰ ਬੇਹੱਦ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਸਰਦੀ ਦੇ ਮੌਸਮ ਕਰਕੇ ਬਹੁਤ ਸਾਰੇ ਐਨਆਰਆਈ ਵੀ ਪੰਜਾਬ ਪਰਤੇ ਹੁੰਦੇ ਹਨ ਤੇ ਇਸ ਤਿਉਹਾਰ ਮੌਕੇ ਲੋਕ ਪਰਿਵਾਰਾਂ ਦੋਸਤਾਂ ਨਾਲ ਇਕੱਠੇ ਹੋ ਕੇ ਖੁਸ਼ੀ ਸਾਂਝੀ ਕਰਦੇ ਹਨ। ਨਵ-ਵਿਆਹੇ ਜੋੜਿਆਂ ਵਾਲੇ ਘਰਾਂ ਤੇ ਨਵਜੰਮੇ ਬੱਚਿਆਂ ਵਾਲੇ ਘਰਾਂ ਵੱਲੋਂ ਲੋਹੜੀ ਵੰਡੀ ਜਾਂਦੀ ਹੈ ਜਾਂ ਲੋਹੜੀ ਪਾਈ ਜਾਂਦੀ ਹੈ। ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ 'ਚ ਰਵਾਇਤੀ ਤੌਰ 'ਤੇ ਦਿੱਤੀਆਂ ਜਾਣ ਵਾਲੀ ਮੂੰਗਫਲੀ ਦੇ ਨਾਲ ਡਰਾਈ-ਫਰੂਟ ਵਾਲੀ ਗਚਕ, ਗੁੜ ਤੇ ਖੰਡ ਦੀਆਂ ਰਿਓੜੀਆਂ, ਭੁੱਗਾ ਤੇ ਖਜੂਰ ਦਿੱਤੀ ਜਾਂਦੀ ਹੈ ਜਦਕਿ ਪੁਰਾਣੇ ਵੇਲਿਆਂ 'ਚ ਸ਼ੱਕਤ ਲੋਹੜੀ ਸੌਗਾਤ ਵਜੋਂ ਦਿੱਤੀ ਜਾਂਦੀ ਸੀ।

ਮਾਝੇ 'ਵਾਲੀ ਪਾਸੇ ਖਾਸਕਰ ਅੰਮ੍ਰਿਤਸਰ 'ਚ ਪਿਛਲੇ ਇੱਕ ਡੇਢ ਦਹਾਕੇ ਤੋਂ ਤਿਲਾਂ, ਖੋਏ ਤੇ ਡਰਾਈ-ਫਰੂਟ ਨਾਲ ਤਿਆਰ ਹੋਣ ਵਾਲਾ ਭੁੱਗਾ ਲੋਹੜੀ 'ਤੇ ਸਭ ਤੋਂ ਵੱਧ ਦਿੱਤਾ ਜਾਂਦਾ ਹੈ। ਜੋ ਪੁਰਾਣੇ ਅੰਮ੍ਰਿਤਸਰ ਸ਼ਹਿਰ (ਵਾਲਡ ਸਿਟੀ) ਵਾਲੇ ਪਾਸੇ ਤਿਆਰ ਕੀਤਾ ਜਾਂਦਾ ਹੈ ਤੇ ਲੋਹੜੀ ਤੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਨੂੰ ਵੰਡਿਆ ਜਾਂਦਾ ਹੈ। ਅਲਸੀ ਵਾਂਗ ਗਰਮ ਤਾਸੀਰ ਦਾ ਹੋਣ ਕਾਰਨ ਇਹ ਦਸੰਬਰ-ਜਨਵਰੀ ਮਹੀਨੇ ਹੀ ਖਾਇਆ ਜਾਂਦਾ ਹੈ। ਇਸ ਨੂੰ ਵੇਚਣ ਵਾਲੇ ਦਾਵਾ ਕਰਦੇ ਹਨ ਅਜਿਹਾ ਭੁੱਗਾ ਸਿਰਫ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਤੋਂ ਇਲਾਵਾ ਹੋਰ ਕਿਤੋਂ ਨਹੀਂ ਮਿਲ ਸਕਦਾ। ਲੋਹਗੜ੍ਹ ਗੇਟ ਨੇੜੇ ਹਾਲੇ ਆਜ਼ਾਦੀ ਵੇਲੇ ਦੀਆਂ ਦੁਕਾਨਾਂ ਹਨ, ਜਿੱਥੇ ਭੁੱਗਾ ਬਹੁਤ ਪੁਰਾਣੇ ਸਮਿਆਂ ਤੋਂ ਤਿਆਰ ਹੁੰਦਾ ਆ ਰਿਹਾ ਹੈ।



ਭੁੱਗੇ ਦੇ ਮੁਕਾਬਲੇ ਹਲਵਾਈਆਂ ਵੱਲੋਂ ਤਿਆਰ ਕੀਤੀ ਜਾਣ ਵਾਲੀ ਖਜੂਰ ਸਸਤੀ ਹੋਣ ਕਰਕੇ ਲੋਹੜੀ 'ਤੇ ਵੰਡੀ ਜਾਣ ਵਾਲੀ 'ਭਾਜੀ' 'ਚ ਸਭ ਤੋਂ ਵੱਧ ਪਾਈ ਜਾਂਦੀ ਹੈ। ਲੋਹੜੀ ਦੇ ਤਿਉਹਾਰ ਮੌਕੇ ਹਰ ਆਮ ਤੇ ਖਾਸ ਦੇ ਘਰ ਖਜੂਰ ਖਾਣ ਨੂੰ ਮਿਲਦੀ ਹੈ। ਅੰਮ੍ਰਿਤਸਰ ਸ਼ਹਿਰ ਦੇ ਹਰ ਕੋਨੇ 'ਚ ਖਜੂਰ ਪਾਈ ਜਾਂਦੀ ਹੈ ਪਰ ਇਸ ਨੂੰ ਬਣਾਉਣ ਦੀ ਸ਼ੁਰੂਆਤ ਵੀ ਪੁਰਾਣੇ ਅੰਮ੍ਰਿਤਸਰ ਸ਼ਹਿਰ ਚੋਂ ਹੀ ਹੋਈ ਸੀ। ਇਸ ਬਣਾਉਣ ਵਾਲੇ ਕਾਰੀਗਰ ਅੰਮ੍ਰਿਤਸਰੀ ਖਜੂਰ ਦੇ ਸਵਾਦ ਦੀ ਸ਼ਰਤ 'ਤੇ ਇਸ ਨੂੰ ਤਿਆਰ ਰਹਿੰਦੇ ਹਨ।



ਬਦਲਦੇ ਜ਼ਮਾਨੇ 'ਚ ਗਚਕ, ਖੰਡ ਤੇ ਗੁੜ ਦੀਆਂ ਰਿਓੜੀਆਂ ਵੀ ਲੋਹੜੀ ਦੇ ਤਿਉਹਾਰ 'ਤੇ ਵਿਕਣ ਵਾਲੀਆਂ ਆਈਟਮਾਂ 'ਚ ਸ਼ੁਮਾਰ ਹਨ, ਤੇ ਇਨ੍ਹਾਂ ਦੀ ਵਿਕਰੀ ਵੀ ਪੂ੍ਰ ਜੋਰਾਂ 'ਤੇ ਹੁੰਦੀ ਹੈ। ਸ਼ਹਿਰ (ਸਮੇਤ ਪੁਰਾਣੇ ਹਿੱਸੇ) 'ਚ ਕਈ ਥਾਂਵਾਂ 'ਤੇ ਗਚਕ, ਰਿਓੜੀਆਂ ਤਾਜ਼ੀਆਂ ਤਿਆਰ ਕਰਕੇ ਵੇਚੀਆਂ ਜਾ ਰਹੀਆਂ ਹਨ। ਲੋਕ ਸਿੱਧਾ ਫੈਕਟਰੀਆਂ ਤੋਂ ਤਾਜ਼ਾ ਅਤੇ ਗਰਮ ਸਾਮਾਨ ਲੈਣਾ ਪਸੰਦ ਕਰਦੇ ਹਨ।

ਇਸ ਸਭ ਦੇ ਬਾਵਜੂਦ ਕੋਵਿਡ/ਲੌਕਡਾਉਨ ਦਾ ਸੇਕ ਵੀ ਲੋਹੜੀ ਦੇ ਤਿਉਹਾਰ ਨੂੰ ਲੱਗਾ ਹੈ ਤੇ ਮਾਰਕੀਟ ਵੀ ਪ੍ਰਭਾਵਿਤ ਹੋਈ ਹੈ। ਭੁੱਗਾ/ ਖਜੂਰ ਦੇ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਲੋਹੜੀ ਸਮੇਂ ਪੂਰਾ ਹਫਤਾ ਬਾਜ਼ਾਰਾਂ 'ਚ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਪਰ ਇਸ ਵਾਰ ਗਿਣੇ ਚੁਣੇ ਲੋਕ ਹੀ ਖਰੀਦਦਾਰੀ ਕਰਨ ਲਈ ਆ ਰਹੇ ਹਨ। ਉਧਰ ਦੂਜੇ ਪਾਸੇ ਗਚਕ ਤੇ ਰਿਓੜੀਆਂ ਤਿਆਰ ਕਰਨ ਵਾਲੇ ਕਾਰੀਗਰ ਲੌਕਡਾਊਨ 'ਚ ਆਪਣੇ ਸੂਬਿਆਂ ਨੂੰ ਚਲੇ ਗਏ ਸੀ। ਉਹ ਕਾਰੀਗਰ ਵੀ ਹਾਲੇ ਤਕ ਵਾਪਸ ਨਹੀਂ ਪਰਤੇ। ਜਿਸ ਕਰਕੇ ਹੁਣ ਗਚਕ, ਰਿਓੜੀਆਂ ਤਿਆਰ ਕਰਨ ਲਈ ਖੁਦ ਮਾਲਕਾਂ ਨੂੰ ਸਾਮਾਨ ਤਿਆਰ ਕਰਨਾ ਪੈ ਰਿਹਾ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਵੀ ਹੋਵੇ ਲੋਹੜੀ ਮੌਕੇ ਭੁੱਗਾ ਤੇ ਖਜੂਰ ਅੰਮ੍ਰਿਤਸਰ ਦੀ ਪਛਾਣ ਬਣ ਚੁੱਕੇ ਹਨ।

ਇਹ ਵੀ ਪੜ੍ਹੋHappy Lohri 2021 Wishes In Punjabi: ਲੋਹੜੀ 'ਤੇ ਆਪਣੇ ਅਜ਼ੀਜ਼ਾਂ ਨੂੰ ਦਿਓ ਵਧਾਈ, ਭੇਜੋ ਇਹ ਖਾਸ ਮੈਸੇਜ ਤੇ ਕੋਟਸ !

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904