ਬਰਨਾਲਾ: ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਅਤੇ ਐਮਐੱਸਪੀ ਦੀ ਗਾਰੰਟੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉੱਥੇ ਹੀ ਯੂਪੀ ਦੇ ਕੁੱਝ ਕਿਸਾਨ ਅਜਿਹੇ ਵੀ ਹਨ ਜੋ ਸਰਦੀਆਂ ਵਿੱਚ ਪੰਜਾਬ ਆ ਕੇ ਇੱਥੇ ਮੁੰਗਫਲੀ ਦੀਆਂ ਸਟਾਲਾਂ ਲਾ ਕੇ ਗੁਜ਼ਾਰਾ ਕਰਦੇ ਹਨ। ਅਜਿਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਫਸਲਾਂ ਐਮਅੇਸਪੀ ਤੋਂ ਬਹੁਤ ਘੱਟ ਰੇਟ 'ਤੇ ਵਿਕਦੀਆਂ ਹਨ। ਇਸ ਲਈ ਉਨ੍ਹਾਂ ਨੂੰ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਰਦੀਆਂ ਦੇ ਸੀਜਨ ਵਿੱਚ ਪੰਜਾਬ ਵਿੱਚ ਇਹ ਸਟਾਲਾਂ ਲਾਉਣੀਆਂ ਪੈਂਦੀਆਂ ਹਨ।
ਯੂਪੀ ਤੋਂ ਆਏ ਨਰਿੰਦਰ ਰਾਠੌੜ ਨਾਂ ਦੇ ਕਿਸਾਨ ਨੇ ਏਬੀਪੀ ਸਾਂਝਾ ਦੀ ਟੀਮ ਨੂੰ ਦੱਸਿਆ ਕਿ ਉਹ ਯੂਪੀ ਦੇ ਬਦਾਯੂ ਜ਼ਿਲ੍ਹੇ ਤੋਂ ਹੈ ਅਤੇ ਛੋਟੀ ਕਿਸਾਨ ਪਰਿਵਾਰ ਚੋਂ ਆਉਂਦਾ ਹੈ। ਉਸਦੇ ਕੋਲ ਪੰਜ ਬਿੱਘੇ ਹੀ ਜ਼ਮੀਨ ਹੈ।ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੰਜਾਬ ਵਾਂਗ ਹੀ ਕਣਕ, ਝੋਨਾ ਅਤੇ ਸਰੋਂ ਵਰਗੀਆਂ ਫਸਲਾਂ ਦੀ ਖੇਤੀ ਹੁੰਦੀ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਰਕੇ ਫਸਲ ਪ੍ਰਾਈਵੇਟ ਮੰਡੀ ਵਿੱਚ ਹੀ ਵੇਚਣੀ ਪੈਂਦੀ ਹੈ। ਜਿਸ ਵਿੱਚ ਦਲਾਲ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪਾਉਂਦੇ।
ਏਬੀਪੀ ਸਾਂਝਾ ਨੂੰ ੳਸੁ ਨੇ ਅੱਗੇ ਦੱਸਿਆ ਕਿ ਜੇਕਰ ਕਣਕ ਦਾ ਸਰਕਾਰੀ ਰੇਟ 2000 ਰੁਪਏ ਕੁਇੰਟਲ ਹੁੰਦਾ ਹੈ ਤਾਂ ਉਨ੍ਹਾਂ ਨੂੰ 1300-1400 ਪ੍ਰਤੀ ਕੁਇੰਟਲ 'ਚ ਆਪਣੀ ਫਸਲ ਵੇਚਣੀ ਪੈਂਦੀ ਹੈ। ਜਿਸ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਪਿਛਲੇ 6-7 ਸਾਲਾਂ ਤੋਂ ਪੰਜਾਬ ਆ ਕੇ ਸੜਕ ਕਿਨਾਰੇ ਮੁੰਗਫਲੀ ਵੇਚਦਾ ਹੈ।
ਦਿੱਲੀ ਵਿੱਖੇ ਚੱਲ ਰਹੇ ਕਿਸਾਨ ਸੰਘਰਸ਼ ਦੇ ਸਬੰਧ ਵਿੱਚ ਉਸ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਕਿਸਾਨ ਠੰਢ ਵਿੱਚ ਕਾਫ਼ੀ ਮੁਸ਼ਕਿਲ ਹਾਲਾਤਾਂ ਵਿੱਚ ਬੈਠੇ ਹਨ। ਉਸ ਮੁਤਾਬਕ ਜੇ ਸਰਕਾਰੀ ਖਰੀਦ ਨਾਹ ਰਹੀ ਤਾਂ ਪੰਜਾਬ ਵਿੱਚ ਵੀ ਯੂਪੀ ਵਾਂਗ ਬੁਰਾ ਹਾਲ ਹੋ ਜਾਵੇਗਾ।
ਇਹ ਵੀ ਪੜ੍ਹੋ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਵੱਡਾ ਬਿਆਨ, ਬੀਜੇਪੀ ਆਪ ਲੜ੍ਹੇਗੀ ਕਿਸਾਨਾਂ ਦੀ ਲੜਾਈ
ਅਜਿਹੀ ਹੀ ਮੂੰਗਫਲੀ ਦੀ ਸਟਾਲ ਲਾਉਣ ਵਾਲੇ ਧਰਮਪਾਲ ਯੂਪੀ ਦੇ ਬਰੇਲੀ ਤੋਂ ਹੈ। ਧਰਮਪਾਲ ਦਾ ਕਹਿਣਾ ਹੈ ਕਿ ਉਸ ਕੋਲ ਆਪਣੀ ਜ਼ਮੀਨ ਬਹੁਤ ਥੋੜੀ ਹੈ ਇਸ ਲਈ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਧਰਮਪਾਲ ਕਣਕ, ਝੋਨੇ ਤੋਂ ਇਲਾਵਾ ਮੱਕੀ, ਬਾਜਰਾ ਵੀ ਬੀਜਦਾ ਹੈ। ਉਸਨੇ ਦੱਸਿਆ ਕਿ ਕਿਸੇ ਵੀ ਫਸਲ ਦਾ ਰੇਟ 1000 ਰੁਪਏ ਕੁਇੰਟਲ ਤੋਂ ਵੱਧ ਨਹੀਂ ਮਿਲਦਾ। ਇਸ ਵਾਰ ਝੋਨਾ 800 ਰੁਪਏ ਕੁਇੰਟਲ ਵਿਕਿਆ।
ਦੱਸ ਦਈਏ ਕਿ ਧਰਮਪਾਲ 3-4 ਸਾਲ ਤੋਂ ਪੰਜਾਬ ਆ ਕੇ ਮੁੰਗਫਲੀ ਵੇਚ ਰਿਹਾ ਹੈ। ਉਸਦਾ ਕਹਿਣਾ ਹੈ ਕਿ ਕਈ ਵਾਰ ਉਸ ਦਾ ਪਰਿਵਾਰ ਨਾਲ ਅਤੇ ਕਦੇ ਇਕੱਲੇ ਵੀ ਪੰਜਾਬ ਆਉਂਦਾ ਹੈ। ਧਰਮਪਾਲ ਨੇ ਅੱਗੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿੱਚ ਕਈ ਸਾਲ ਪਹਿਲਾਂ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ।ਤੇ ਜੇਕਰ ਇੱਥੇ ਵੀ ਸਰਕਾਰੀ ਖਰੀਦ ਪੂਰੀ ਤਰਾਂ ਬੰਦ ਹੋ ਗਈ ਤਾਂ ਇੱਥੇ ਵੀ ਯੂਪੀ ਜਿਹਾ ਹੀ ਹਾਲ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਦਿਹਾੜੀ ਕਰਨ ਕਿਤੇ ਹੋਰ ਜਾਣਾ ਪਵੇਗਾ।
ਇੱਕ ਹੋਰ ਕਿਸਾਨ ਬ੍ਰੀਜੇਸ਼ ਕੁਮਾਰ ਵੀ ਯੂਪੀ ਦੇ ਬਦਾਯੂ ਤੋਂ ਹੈ। ਉਸਦੇ ਕੋਲ 2 ਏਕੜ ਜਮੀਨ ਹੈ। ਬ੍ਰੀਜੇਸ਼ ਨੇ ਦੱਸਿਆ ਕਿ ਉਸਦਾ ਝੋਨਾ 1000 ਰੁਪਏ ਨੂੰ ਵਿਕਿਆ ਸੀ ਤੇ ਕਣਕ 1600-1700 ਨੂੰ ਇਸ ਵਾਰ ਰੇਟ ਮਿਲ ਰਿਹਾ ਹੈ ਅਤੇ ਬਾਜਰਾ 1200 ਰੁਪਏ ਨੂੰ ਵਿਕਿਆ, ਕਿਉਂਕਿ ਪ੍ਰਾਈਵੇਟ ਖਰੀਦਦਾਰ ਸਰਕਾਰੀ ਰੇਟ ਤੋਂ ਬਹੁਤ ਘੱਟ ਰੇਟ 'ਤੇ ਫਸਲ ਖਰੀਦਦੇ ਹਨ ਅਤੇ ਐਮਐਸਪੀ 'ਤੇ ਯੂਪੀ ਵਿੱਚ ਖਰੀਦ ਨਹੀਂ ਹੋ ਰਹੀ।
ਬ੍ਰੀਜੇਸ਼ ਪਿਛਲੇ ਪੰਜ ਸਾਲਾਂ ਤੋਂ ਸੀਜ਼ਨਲ ਕੰਮ ਕਰਨ ਪੰਜਾਬ ਆਉਂਦਾ ਹੈ। ਸਰਦੀਆਂ ਵਿੱਚ ਦੋ ਤਿੰਨ ਮਹੀਨੇ ਮੂੰਗਫਲੀ ਵੇਚਦਾ ਹੈ ਅਤੇ ਗਰਮੀਆਂ ਵਿੱਚ ਇੰਨਾ ਹੀ ਸਮਾਂ ਜੂਸ ਦੀ ਰੇਹੜੀ ਵੀ ਲਗਾਉਂਦਾ ਹੈ। ਉਸ ਨੇ ਵੀ ਏਬੀਪੀ ਸਾਂਝਾ ਦੀ ਟੀਮ ਨੂੰ ਕਿਹਾ ਕਿ ਜੇਕਰ ਐਮਐਸਪੀ ਖ਼ਤਮ ਹੋ ਗਈ ਤਾਂ ਪੰਜਾਬ ਵਿੱਚ ਵੀ ਅਜਿਹੇ ਹੀ ਹਾਲਾਤ ਹੋ ਜਾਣਗੇ। ਕਿਸਾਨ ਸੰਘਰਸ਼ ਸਬੰਧੀ ਉਸਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਜੇਕਰ ਐਮਐਸਪੀ ਨਹੀਂ ਮਿਲੇਗਾ ਤਾਂ ਸੰਘਰਸ਼ ਤਾਂ ਹੋਵੇਗਾ ਹੀ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਸੀਆਈਏ ਸਟਾਫ ਨੇ 25 ਕਰੋੜ ਦੀ 5 ਕਿਲੋ ਹੈਰੋਇਨ ਅਤੇ ਹਥਿਆਰ ਬਰਾਮਦ, ਭਾਰਤੀ ਤਸਕਰ ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904