IPL 2022: ਦਿੱਗਜ਼ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਵੀਰਵਾਰ ਨੂੰ ਚੇਨਈ ਦੀ ਕਪਤਾਨੀ ਛੱਡਣ ਦੇ ਆਪਣੇ ਫ਼ੈਸਲੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਚੇਨਈ ਸੁਪਰ ਕਿੰਗਜ਼ ਨੇ ਦੱਸਿਆ ਕਿ ਹੁਣ ਟੀਮ ਦੀ ਕਮਾਨ ਸਟਾਰ ਖਿਡਾਰੀ ਰਵਿੰਦਰ ਜਡੇਜਾ ਨੂੰ ਸੌਂਪ ਦਿੱਤੀ ਗਈ ਹੈ। ਚੇਨਈ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ 4 ਵਾਰ IPL ਦਾ ਖਿਤਾਬ ਜਿੱਤਿਆ ਹੈ।

ਉਨ੍ਹਾਂ ਦੀ ਕਪਤਾਨੀ 'ਚ ਟੀਮ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਤੇ ਆਈਪੀਐਲ ਦੀ ਸਭ ਤੋਂ ਸਫਲ ਟੀਮ ਬਣੀ। ਧੋਨੀ ਨੇ ਆਪਣੀ ਸ਼ਾਨਦਾਰ ਕਪਤਾਨੀ ਤੋਂ ਇਲਾਵਾ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਨੂੰ ਅੱਗੇ ਲਿਜਾਣ 'ਚ ਵੀ ਅਹਿਮ ਭੂਮਿਕਾ ਨਿਭਾਈ। ਇੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਧੋਨੀ ਨੇ ਆਈਪੀਐਲ 'ਚ ਹੁਣ ਤੱਕ ਬੱਲੇ ਨਾਲ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ?

ਅਜਿਹਾ ਰਿਹਾ ਧੋਨੀ ਦਾ ਆਈਪੀਐਲ ਕਰੀਅਰ
ਐਮਐਸ ਧੋਨੀ ਨੇ ਆਈਪੀਐਲ 'ਚ ਹੁਣ ਤੱਕ 220 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਬੱਲੇ ਤੋਂ 4746 ਦੌੜਾਂ ਨਿਕਲੀਆਂ ਹਨ। ਉਨ੍ਹਾਂ ਨੇ ਆਈਪੀਐਲ 'ਚ 39.55 ਦੀ ਔਸਤ ਤੇ 135.83 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਹੁਣ ਤੱਕ ਉਹ ਆਈਪੀਐਲ 'ਚ ਕੋਈ ਸੈਂਕੜਾ ਨਹੀਂ ਲਗਾ ਸਕੇ ਹਨ, ਪਰ ਉਨ੍ਹਾਂ ਨੇ ਆਪਣੇ ਬੱਲੇ ਨਾਲ 23 ਅਰਧ ਸੈਂਕੜੇ ਲਗਾਏ ਹਨ। ਉਸ ਦਾ ਸਰਵੋਤਮ ਸਕੋਰ ਅਜੇਤੂ 84 ਦੌੜਾਂ ਹਨ।

ਧੋਨੀ ਨੇ ਇੰਨੇ ਛੱਕੇ ਤੇ ਚੌਕੇ ਲਗਾਏ
ਧੋਨੀ ਦੇ ਬੱਲੇ ਤੋਂ ਆਈਪੀਐਲ 'ਚ ਕਈ ਛੱਕਿਆਂ ਅਤੇ ਚੌਕਿਆਂ ਦੀ ਵਰਖਾ ਹੋਈ ਹੈ। ਧੋਨੀ ਨੇ IPL 'ਚ ਹੁਣ ਤੱਕ 219 ਛੱਕੇ ਲਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 325 ਚੌਕੇ ਵੀ ਲਗਾਏ ਹਨ। ਅਸਲ 'ਚ ਧੋਨੀ ਚੇਨਈ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹਨ, ਜਿਸ ਕਾਰਨ ਉਹ ਆਖਰੀ ਓਵਰਾਂ 'ਚ ਤੇਜ਼ ਦੌੜਾਂ ਬਣਾਉਂਦੇ ਹਨ ਤੇ ਵੱਡੇ ਸ਼ਾਟ ਲਗਾਉਂਦੇ ਹਨ।

ਧੋਨੀ ਨੇ ਬਤੌਰ ਕਪਤਾਨ ਕਈ ਰਿਕਾਰਡ ਬਣਾਏ
ਮਹਿੰਦਰ ਸਿੰਘ ਧੋਨੀ ਨੇ ਆਈਪੀਐਲ 'ਚ ਕਪਤਾਨੀ ਕਰਕੇ ਨਵੇਂ ਮੁਕਾਮ ਸਥਾਪਿਤ ਕੀਤੇ ਹਨ। ਧੋਨੀ ਨੇ ਬਤੌਰ ਕਪਤਾਨ ਆਈਪੀਐਲ 'ਚ 204 ਮੈਚ ਖੇਡੇ ਹਨ। ਇਸ 'ਚੋਂ 121 ਮੈਚਾਂ 'ਚ ਉਨ੍ਹਾਂ ਦੀ ਟੀਮ ਜੇਤੂ ਰਹੀ, ਜਦਕਿ 82 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਧੋਨੀ ਦੀ ਕਪਤਾਨੀ 'ਚ ਟੀਮ ਦੀ ਜਿੱਤ ਫ਼ੀਸਦ 59.60 ਰਿਹਾ ਹੈ, ਜੋ ਕਾਫੀ ਚੰਗਾ ਹੈ।

ਖ਼ਾਸ ਗੱਲ ਇਹ ਹੈ ਕਿ ਧੋਨੀ ਦੀ ਕਪਤਾਨੀ 'ਚ ਚੇਨਈ ਦੀ ਟੀਮ 4 ਵਾਰ (2010, 2011, 2018, 2021) ਆਈਪੀਐਲ ਦੀ ਚੈਂਪੀਅਨ ਬਣੀ, ਜਦਕਿ 8 ਵਾਰ ਆਈਪੀਐਲ ਦੇ ਫਾਈਨਲ 'ਚ ਪਹੁੰਚੀ। ਇਸ ਤੋਂ ਇਲਾਵਾ ਧੋਨੀ ਦੀ ਅਗਵਾਈ 'ਚ ਚੇਨਈ ਦੀ ਟੀਮ ਰਿਕਾਰਡ 11 ਵਾਰ ਪਲੇਆਫ਼ 'ਚ ਪਹੁੰਚੀ ਹੈ।