Social Media and Mental Health: ਅੱਜਕੱਲ੍ਹ ਸੋਸ਼ਲ ਮੀਡੀਆ ਦਾ ਕ੍ਰੇਜ਼ ਨੌਜਵਾਨਾਂ ਵਿੱਚ ਹੀ ਨਹੀਂ ਸਗੋਂ ਹਰ ਉਮਰ ਦੇ ਲੋਕਾਂ ਵਿੱਚ ਦੇਖਿਆ ਜਾ ਰਿਹਾ ਹੈ। ਹਰ ਕੋਈ ਬਾਹਰੀ ਦੁਨੀਆ ਬਾਰੇ ਅਪਡੇਟਸ, ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਲਈ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ। ਇਹ ਇੱਕ ਵਰਚੁਅਲ ਦੁਨੀਆ ਹੈ, ਜੋ ਦੂਰ ਰਹਿ ਕੇ ਵੀ ਤੁਹਾਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨੇੜੇ ਮਹਿਸੂਸ ਕਰਾਉਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਾਨਸਿਕ ਸਿਹਤ ਲਈ ਬਹੁਤ ਖਤਰਨਾਕ ਹੈ।
ਸਿਹਤ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਡਿਪਰੈਸ਼ਨ, ਟੈਨਸ਼ਨ, ਇਕੱਲਤਾ, ਸੈਲਫ ਹਾਰਮ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਖੋਜ ਵਿੱਚ ਵੀ ਇਸ ਬਾਰੇ ਖੁਲਾਸਾ ਹੋਇਆ ਹੈ। ਪਿਊ ਰਿਸਰਚ ਸੈਂਟਰ ਨੇ ਮਾਨਸਿਕ ਸਿਹਤ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ 1,300 ਤੋਂ ਵੱਧ ਕਿਸ਼ੋਰਾਂ ਦਾ ਸਰਵੇਖਣ ਕੀਤਾ। ਇਹ ਪਾਇਆ ਗਿਆ ਕਿ 35% ਤੋਂ ਵੱਧ ਲੋਕ ਚੋਟੀ ਦੇ 5 ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਕਿਸੇ ਇੱਕ 'ਤੇ ਵੱਧ ਤੋਂ ਵੱਧ ਸਮਾਂ ਬਿਤਾਉਂਦੇ ਹਨ। ਇਨ੍ਹਾਂ ਵਿੱਚ ਯੂਟਿਊਬ, ਟਿਕਟੋਕ, ਇੰਸਟਾਗ੍ਰਾਮ, ਸਨੈਪਚੈਟ ਤੇ ਫੇਸਬੁੱਕ ਸ਼ਾਮਲ ਹਨ। ਇਸ ਦਾ ਸਭ ਤੋਂ ਵੱਧ ਅਸਰ ਮਨ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਮਾਨਸਿਕ ਸਿਹਤ ਤੇ ਨੀਂਦ
ਆਇਓਵਾ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਖੋਜ ਕੀਤੀ ਜਿਸ ਵਿੱਚ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦਿਨ ਵਿੱਚ 30 ਮਿੰਟ ਤੋਂ ਵੱਧ ਸੋਸ਼ਲ ਮੀਡੀਆ ਦੀ ਵਰਤੋਂ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਇਸ ਅਧਿਐਨ ਵਿੱਚ, ਜ਼ਿਆਦਾਤਰ ਵਿਦਿਆਰਥੀ ਜਿਨ੍ਹਾਂ ਨੇ ਦੋ ਹਫ਼ਤਿਆਂ ਲਈ ਆਪਣੀ ਵਰਤੋਂ ਘਟਾ ਦਿੱਤੀ, ਉਨ੍ਹਾਂ ਵਿੱਚ ਬਿਹਤਰ ਮਾਨਸਿਕ ਤੰਦਰੁਸਤੀ ਤੇ ਬਿਹਤਰ ਨੀਂਦ ਦੀ ਸਥਿਤੀ ਪਾਈ ਗਈ।
ਮਾਹਰ ਕੀ ਕਹਿੰਦੇ
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਬਿਤਾ ਰਹੇ ਸਮੇਂ ਨੂੰ ਘੱਟ ਕਰਦੇ ਹੋ, ਤਾਂ ਚਿੰਤਾ, ਉਦਾਸੀ, ਇਕੱਲਤਾ ਤੇ ਨਕਾਰਾਤਮਕ ਵਿਚਾਰ ਘੱਟ ਹੁੰਦੇ ਹਨ ਤੇ ਸਕਾਰਾਤਮਕ ਊਰਜਾ ਆਉਂਦੀ ਹੈ। ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਕਰਵਾਏ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਜਿਸ ਸਮੂਹ ਨੇ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਕੀਤੀ, ਉਨ੍ਹਾਂ ਵਿੱਚ 3 ਹਫ਼ਤਿਆਂ ਦੇ ਅੰਦਰ ਇਕੱਲੇਪਣ ਤੇ ਉਦਾਸੀ ਦੀਆਂ ਭਾਵਨਾਵਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਿਆ ਗਿਆ। ਇਸ ਆਧਾਰ 'ਤੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਭਾਵੇਂ ਸੋਸ਼ਲ ਮੀਡੀਆ ਲੋਕਾਂ ਨੂੰ ਵਰਚੁਅਲ ਤੌਰ 'ਤੇ ਜੋੜਦਾ ਹੈ ਪਰ ਇਸ ਦੇ ਗੰਭੀਰ ਨੁਕਸਾਨ ਵੀ ਹਨ।
ਅਧਿਐਨ ਕੀ ਕਹਿੰਦਾ
ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਘੱਟ ਤੋਂ ਘੱਟ ਸਮਾਂ ਬਿਤਾਉਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਨਕਾਰਾਤਮਕ ਸਮੱਗਰੀ ਨਾਲ ਭਰਿਆ ਹੋਇਆ ਹੈ, ਜੋ ਸਿੱਧੇ ਤੌਰ 'ਤੇ ਮਨ ਤੇ ਇਸ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਖੁਦ ਹੀ ਉਨ੍ਹਾਂ ਤੋਂ ਹੌਲੀ-ਹੌਲੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰੋ।