ਬਹੁਤ ਸਾਰੇ ਲੋਕ ਰੋਟੀ ਖਾਣ ਤੋਂ ਬਾਅਦ ਵੀ ਚਾਹ ਪੀਣਾ ਪਸੰਦ ਕਰਦੇ ਹਨ। ਜੋ ਕਿ ਸਾਡੀ ਸਿਹਤ ਲਈ ਬਹੁਤ ਗਲਤ ਹੈ। ਖਾਣਾ ਖਾਣ ਤੋਂ ਬਾਅਦ ਚਾਹ ਪੀਣ ਨਾਲ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਖਾਣਾ ਖਾਣ ਤੋਂ ਬਾਅਦ ਚਾਹ ਪੀਣ ਵਾਲੇ ਸਾਵਧਾਨ
ਅਨੀਮੀਆ ਦੀ ਸ਼ਕਾਇਤ
ਖਾਣਾ ਖਾਣ ਤੋਂ ਤਰੁੰਤ ਬਾਅਦ ਚਾਹ ਪੀਣ ਨਾਲ ਸਾਡੇ ਸਰੀਰ ਨੂੰ ਖਾਣੇ ਵਿਚ ਮੌਜੂਦ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦੇ। ਜਿਸ ਕਰਕੇ ਸਾਡੇ ਸਰੀਰ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀਂ ਹੋਣ ਲੱਗਦੀ ਹੈ। ਇਸ ਨਾਲ ਸਾਡੇ ਸਰੀਰ ਵਿਚ ਅਨੀਮੀਆ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਅਸੀਂ ਕਮਜ਼ੋਰ ਹੋਣ ਲੱਗਦੇ ਹਾਂ।
ਗੈਸ ਦੀ ਸਮੱਸਿਆ
ਖਾਣਾ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਤੁਹਾਡੀ ਪਾਚਨ ਸ਼ਕਤੀ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਚਾਹ ਪੀਣ ਨਾਲ ਭੋਜਨ ਨੂੰ ਪਚਣ ‘ਚ ਮੁਸ਼ਕਲ ਆਉਂਦੀ ਹੈ। ਜਿਸ ਕਾਰਨ ਵਿਅਕਤੀ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਦਰਅਸਲ, ਖਾਣਾ ਖਾਣ ਦੇ ਤੁਰੰਤ ਬਾਅਦ ਦੁੱਧ ਦੇ ਨਾਲ ਚਾਹ ਪੀਣ ਨਾਲ ਸਰੀਰ ਵਿੱਚ ਪੈਦਾ ਹੋਣ ਵਾਲੇ ਪਾਚਨ ਐਸਿਡ ‘ਤੇ ਅਸਰ ਪੈਂਦਾ ਹੈ। ਜਿਸ ਕਾਰਨ ਭੋਜਨ ਨੂੰ ਪਚਣ ‘ਚ ਜ਼ਿਆਦਾ ਸਮਾਂ ਲੱਗਦਾ ਹੈ।
ਨੀਂਦ ਦੀ ਸਮੱਸਿਆ
ਵਧੇਰੇ ਚਾਹ ਪੀਣ ਨਾਲ ਜਾਂ ਫਿਰ ਖਾਣਾ ਖਾਣ ਤੋਂ ਤਰੁੰਤ ਬਾਅਦ ਚਾਹ ਪੀਣ ਨਾਲ ਨੀਂਦ ਸੰਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਚਾਹ ਪੀਂਦੇ ਹੋ ਤਾਂ ਤੁਹਾਨੂੰ ਗੈਸ, ਬਦਹਜ਼ਮੀ, ਐਸੀਡਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ। ਨੀਂਦ ਘੱਟ ਆਉਣ ਕਰਕੇ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਚਾਹ ‘ਚ ਮੌਜੂਦ ਕੈਫੀਨ ਦੀ ਮਾਤਰਾ ਵਿਅਕਤੀ ਦੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ ਅਤੇ ਇਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਚਾਹ ਵਿਚ ਕੈਫੀਨ ਦੀ ਕਾਫੀ ਮਾਤਰਾਂ ਹੁੰਦੀ ਹੈ। ICMR ਦੇ ਅਨੁਸਾਰ, ਰੋਜ਼ਾਨਾ ਸਿਰਫ 300 ਮਿਲੀਗ੍ਰਾਮ ਕੈਫੀਨ ਦਾ ਸੇਵਨ ਕਰਨਾ ਚਾਹੀਦਾ ਹੈ। ਡਾਕਟਰ ਅਕਸਰ ਸਲਾਹ ਦਿੰਦੇ ਹਨ ਕਿ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਹੀ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸਦਾ ਵਧੇਰੇ ਸੇਵਨ ਤੁਹਾਡੀ ਸਿਹਤ ਉੱਤੇ ਮਾੜਾ ਅਸਰ ਪਾ ਸਕਦਾ ਹੈ।