ਚੰਡੀਗੜ੍ਹ: ਕੋਰੋਨਾ ਕਾਲ ’ਚ ਆਪਣੀ ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣਾ ਸਭ ਤੋਂ ਜ਼ਰੂਰੀ ਹੋ ਗਿਆ ਹੈ। ਕੋਰੋਨਾ ਸੰਕਟ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਸਿਹਤ ਮਾਹਿਰ ਲਗਾਤਾਰ ਮਜ਼ਬੂਤ ਇਮਿਊਨਿਟੀ ਦੀ ਅਹਿਮੀਅਤ ਬਾਰੇ ਦੱਸ ਰਹੇ ਹਨ। ਰੋਗਾਂ ਨਾਲ ਲੜਨ ਦੀ ਇਹ ਤਾਕਤ ਕੋਈ ਇੱਕ ਦਿਨ ’ਚ ਨਹੀਂ ਵਧ ਜਾਂਦੀ ਪਰ ਕਈ ਤਰ੍ਹਾਂ ਦੇ ਭੋਜਨ ਹਨ, ਜੋ ਇਹ ਪ੍ਰਕਿਰਿਆ ਤੇਜ਼ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਅਦਰਕ-ਲਸਣ-ਹਲਦੀ ਦੀ ਚਾਹ, ਜੋ ਤੁਹਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ।
ਅਦਰਕ
ਅਦਰਕ ’ਚ ਜਿੰਜਰੌਲ ਦੇ ਨਾਲ ਐਨਾਜੇਸਿਕ, ਐਂਟੀ-ਪੀਅਰੈਟਿਕ ਤੇ ਐਂਟੀ-ਬਾਇਓਟਿਕ ਦੇ ਨਾਲ-ਨਾਲ ਐਂਟੀ-ਆੱਕਸੀਡੈਂਟ ਦੇ ਗੁਣ ਵੀ ਪਾਏ ਜਾਂਦੇ ਹਨ। ਅਦਰਕ ’ਚ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਹਾਜ਼ਮੇ ਨੂੰ ਵੀ ਸਹੀ ਕਰਦੀ ਹੈ ਤੇ ਜੋੜਾਂ ਦਾ ਦਰਦ ਘਟਾਉਦੀ ਹੈ ਤੇ ਠੰਢ ਤੇ ਫਲੂ ਨਾਲ ਲੜਨ ਵਿੱਚ ਵੀ ਮਦਦ ਕਰਦੀ ਹੈ।
ਲੱਸਣ
ਲੱਸਣ ’ਚ ਕਈ ਪੋਸ਼ਕ ਤੱਤ ਹੁੰਦੇ ਹਨ। ਲੱਸਣ ’ਚ ਸਲਫ਼ਰ ਉੱਚ ਮਾਤਰਾ ’ਚ ਮਿਲਦੀ ਹੈ। ਇਸ ਵਿੱਚ ਐਂਟੀ-ਬਾਇਓਟਿਕ ਗੁਣ ਪਾਏ ਜਾਂਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਲੱਸਣ ਸਰੀਰ ਵਿੱਚ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ ਤੇ ਸਰੀਰ ਵਿੱਚੋਂ ਖ਼ਰਾਬ ਪਦਾਰਥ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਠੰਢ ਤੋਂ ਬਚਾਉਂਦਾ ਹੈ ਤੇ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ।
ਹਲਦੀ
ਹਲਦੀ ’ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਹਲਦੀ ’ਚ ਕਰਕਿਊਮਿਨ ਨਾਂ ਦੇ ਸਰਗਰਮ ਯੌਗਿਕ ਹੁੰਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ, ਐਂਟੀ ਇਨਫ਼ਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਹਲਦੀ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ। ਮਸਾਲਿਆਂ ਨੂੰ ਖ਼ੁਰਾਕ ਵਿੱਚ ਸ਼ਾਮਲ ਕਰਨ ਨਾਲ ਠੰਢ ਤੇ ਫ਼ਲੂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਹਾਜ਼ਮੇ, ਡੀਟੌਕਸ ਤੇ ਲਿਵਰ ਲਈ ਫ਼ਾਇਦੇਮੰਦ ਹੈ।
ਅਦਰਕ, ਲੱਸਣ ਤੇ ਹਲਦੀ ਦੀ ਚਾਹ ਬਣਾਉਣ ਦਾ ਤਰੀਕਾ
· ਲੱਸਣ ਦੀਆਂ ਦੋ ਕਲੀਆਂ ਲਵੋ
· ਅੱਧਾ ਇੰਚ ਅਦਰਕ ਲਵੋ
· ਅੱਧਾ ਇੰਚ ਕੱਚੀ ਹਲਦੀ ਜਾਂ ਹਲਦੀ ਪਾਊਡਰ ਅੱਧਾ ਚਮਚਾ ਲਵੋ
· 1.5 ਕੱਪ ਪਾਣੀ ਲਵੋ
· ਫਿਰ ਅਦਰਕ, ਲੱਸਣ, ਹਲਦੀ ਦਾ ਪੇਸਟ ਬਣਾਓ। ਪੇਸਟ ਬਣਾਉਣ ਲਈ ਪਾਣੀ ਦੀ ਥੋੜ੍ਹੀ ਮਾਤਰਾ ਵਰਤੋ
· ਚਾਹ ਲਈ ਪਾਣੀ ਉਬਾਲੋ ਤੇ ਉਸ ਵਿੱਚ ਇੱਕ ਚਮਚਾ ਪੇਸਟ ਮਿਲਾਓ। ਸਭ ਕੁਝ ਇੱਕੋ ਵਾਰੀ ’ਚ ਉਬਾਲੋ
· ਇੱਕ ਕੱਪ ਵਿੱਚ ਚਾਹ ਪਾ ਦੇਵੋ ਤੇ ਜੇ ਤੁਸੀਂ ਚਾਹੋ, ਤਾਂ ਕੁਝ ਸ਼ਹਿਦ ਤੇ ਨਿੰਬੂ ਵੀ ਮਿਲਾ ਸਕਦੇ ਹੋ।
· ਚਾਹ ਬਣ ਕੇ ਤਿਆਰ ਹੈ।