Ways to quit drinking: ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਸਿਰਫ ਮਨੋਰੰਜਨ ਲਈ ਹੀ ਸ਼ਰਾਬ ਦਾ ਸੇਵਨ ਕਰਦੇ ਹਨ, ਜਦਕਿ ਕਈ ਲੋਕ ਅਜਿਹੇ ਹਨ ਜੋ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ। ਸ਼ਰਾਬ ਪੀਣ ਦੇ ਨੁਕਸਾਨਾਂ (Disadvantages of drinking alcohol) ਬਾਰੇ ਡਾਕਟਰ ਹਮੇਸ਼ਾ ਚੇਤਾਵਨੀ ਦਿੰਦੇ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡਾ ਸਰੀਰ ਇੱਕ ਘੰਟੇ ਵਿੱਚ ਸਿਰਫ਼ ਇੱਕ ਡ੍ਰਿੰਕ ਤੇ ਪੂਰੇ ਦਿਨ ਵਿੱਚ ਕੁੱਲ 3 ਡ੍ਰਿੰਕ ਹੀ ਹਜ਼ਮ ਕਰ ਸਕਦਾ ਹੈ ਪਰ ਇਸ ਤੋਂ ਵੱਧ ਸ਼ਰਾਬ ਪੀਣਾ ਹਮੇਸ਼ਾ ਖ਼ਤਰਨਾਕ ਮੰਨਿਆ ਜਾਂਦਾ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਤੁਸੀਂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ, ਉਸ ਦਿਨ ਤੋਂ ਹੀ ਇਸ ਦੇ ਮਾੜੇ ਪ੍ਰਭਾਵ ਸਰੀਰ 'ਤੇ ਹਾਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸ਼ਰਾਬ ਪੀਣ ਵਾਲੇ ਲੋਕਾਂ ਦੇ ਸਰੀਰ 'ਤੇ ਸ਼ਰਾਬ ਦੇ ਕੁਝ ਪ੍ਰਭਾਵ ਤੁਰੰਤ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ, ਜਦਕਿ ਕੁਝ ਲੰਬੇ ਸਮੇਂ ਬਾਅਦ ਦਿਖਾਈ ਦਿੰਦੇ ਹਨ।


ਬਹੁਤ ਸਾਰੇ ਲੋਕ ਲਿਮਟ ਦੇ ਅੰਦਰ ਸ਼ਰਾਬ ਪੀਂਦੇ ਹਨ, ਜਦਕਿ ਕੁਝ ਲੋਕ ਇੰਨੀ ਜ਼ਿਆਦਾ ਸ਼ਰਾਬ ਪੀਂਦੇ ਹਨ ਕਿ ਉਹ ਹੋਸ਼ ਗੁਆ ਬੈਠਦੇ ਹਨ। ਸਿਹਤ ਮਾਹਿਰ ਸ਼ਰਾਬ ਪੀਣ ਦੀ ਸਲਾਹ ਬਿਲਕੁਲ ਨਹੀਂ ਦਿੰਦੇ, ਪਰ ਫਿਰ ਵੀ ਜੇਕਰ ਤੁਸੀਂ ਸ਼ਰਾਬ ਨਹੀਂ ਛੱਡ ਸਕਦੇ ਤਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਕੁਝ ਹੱਦ ਤੱਕ ਸ਼ਰਾਬ ਦੇ ਸਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਵੀ ਸ਼ਰਾਬ ਪੀਂਦੇ ਹੋ ਤਾਂ ਹੇਠਾਂ ਦੱਸੇ ਤਰੀਕਿਆਂ ਵੱਲ ਜ਼ਰੂਰ ਧਿਆਨ ਦਿਓ।


1. ਕਿੰਨੀ ਸ਼ਰਾਬ ਪੀਣੀ ਚਾਹੀਦੀ 
ਦੋਸਤਾਂ ਨਾਲ ਮਸਤੀ ਜਾਂ ਪਾਰਟੀ ਹੋਵੇ ਤਾਂ ਬਹੁਤ ਸਾਰੇ ਲੋਕ ਖੁੱਲ੍ਹ ਕੇ ਸ਼ਰਾਬ ਪੀਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਣ ਲੱਗਦੀ ਹੈ। Healthdirect.gov.au ਅਨੁਸਾਰ ਸ਼ਰਾਬ ਦੇ ਖਤਰਿਆਂ ਤੋਂ ਬਚਣ ਲਈ ਬਾਲਗਾਂ ਨੂੰ ਹਫ਼ਤੇ ਵਿੱਚ 10 ਤੋਂ ਵੱਧ ਡ੍ਰਿੰਕਸ ਤੇ ਦਿਨ ਵਿੱਚ ਚਾਰ ਤੋਂ ਵੱਧ ਡ੍ਰਿੰਕਸ ਨਹੀਂ ਪੀਣੇ ਚਾਹੀਦੇ। ਇੱਕ ਸਟੈਂਡਰਡ ਡ੍ਰਿੰਕ ਦਾ ਆਕਾਰ 330 ਮਿਲੀਲੀਟਰ ਬੀਅਰ, 30 ਮਿਲੀਲੀਟਰ ਹਾਰਡ ਅਲਕੋਹਲ (ਵਿਸਕੀ, ਜਿੰਨ, ਆਦਿ) ਤੇ 150 ਮਿਲੀਲੀਟਰ ਵਾਈਨ (ਰੈੱਡ ਜਾਂ ਵਾਈਟ) ਹੈ।


ਇੱਕ ਡ੍ਰਿੰਕ ਵਿੱਚ ਲਗਪਗ 10 ਗ੍ਰਾਮ ਈਥਾਨੌਲ (ਅਲਕੋਹਲ) ਹੁੰਦਾ ਹੈ। ਸਰੀਰ ਇਸ ਮਾਤਰਾ ਨੂੰ ਇੱਕ ਘੰਟੇ ਵਿੱਚ ਪ੍ਰੋਸੈਸ ਕਰ ਸਕਦਾ ਹੈ। ਇਸ ਲਈ ਵਿਅਕਤੀ ਨੂੰ ਹਮੇਸ਼ਾ ਤੈਅ ਮਾਤਰਾ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ। ਜੇਕਰ ਕੋਈ ਵਿਅਕਤੀ ਸਿਫ਼ਾਰਸ਼ ਕੀਤੀ ਰੋਜ਼ਾਨਾ ਡ੍ਰਿੰਕ ਲਿਮਟ ਤੋਂ ਵੱਧ ਪੀਂਦਾ ਹੈ, ਤਾਂ ਇਹ ਦੁਰਘਟਨਾਵਾਂ, ਸਰੀਰਕ ਨੁਕਸਾਨ ਜਾਂ ਹੈਂਗਓਵਰ ਦਾ ਕਾਰਨ ਬਣ ਸਕਦਾ ਹੈ। ਦੂਜੇ ਪਾਸੇ, ਜੇਕਰ ਕੋਈ ਰੋਜ਼ਾਨਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ, ਤਾਂ ਉਹ ਦਿਲ, ਕੈਂਸਰ, ਜਿਗਰ, ਗੁਰਦੇ ਜਾਂ ਦਿਮਾਗ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।


2. ਪੀਣ ਤੋਂ ਪਹਿਲਾਂ ਤੇ ਪੀਣ ਵੇਲੇ ਕੁਝ ਖਾਓ
ਅਲਕੋਹਲ ਤੁਹਾਡੇ ਪੇਟ ਤੇ ਛੋਟੀ ਆਂਦਰ ਰਾਹੀਂ ਖੂਨ ਦੇ ਪ੍ਰਵਾਹ ਵਿੱਚ ਜਾਂਦਾ ਹੈ। ਜਦੋਂ ਤੁਸੀਂ ਸ਼ਰਾਬ ਪੀਣਾ ਸ਼ੁਰੂ ਕਰਦੇ ਹੋ ਤੇ ਜੇ ਤੁਹਾਡਾ ਪੇਟ ਖਾਲੀ ਹੈ, ਤਾਂ ਅਲਕੋਹਲ ਤੇਜ਼ੀ ਨਾਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਵੇਗੀ। ਇਸ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਲਈ ਪੀਣ ਤੋਂ ਪਹਿਲਾਂ ਤੇ ਪੀਂਦੇ ਸਮੇਂ ਕੁਝ ਖਾਣਾ ਯਕੀਨੀ ਬਣਾਓ। ਸ਼ਰਾਬ ਪੀਣ ਤੋਂ ਪਹਿਲਾਂ ਖੂਬ ਪਾਣੀ ਪੀਓ, ਨਮਕੀਨ ਸਨੈਕਸ ਖਾਣ ਤੋਂ ਪ੍ਰਹੇਜ਼ ਕਰੋ। ਮਖਾਨਾ, ਸੁੱਕੇ ਮੇਵੇ, ਸਲਾਦ, ਮੂੰਗਫਲੀ, ਪਨੀਰ ਨੂੰ ਵਾਈਨ ਦੇ ਨਾਲ ਜਾਂ ਪਹਿਲਾਂ ਖਾਧਾ ਜਾ ਸਕਦਾ ਹੈ।



3. ਇੱਕ ਘੰਟੇ ਵਿੱਚ 1 ਸਟੈਂਡਰਡ ਡ੍ਰਿਕ ਪੀਓ
ਖੂਨ ਵਿੱਚ ਅਲਕੋਹਲ ਦੀ ਮਾਤਰਾ ਨੂੰ BAC (Blood alcohol level) ਕਿਹਾ ਜਾਂਦਾ ਹੈ। ਖੂਨ ਵਿੱਚ ਅਲਕੋਹਲ ਦੀ ਮਾਤਰਾ ਦੱਸਦੀ ਹੈ ਕਿ ਅਲਕੋਹਲ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਸਰੀਰ ਪ੍ਰਤੀ ਘੰਟਾ ਸਿਰਫ਼ 1 ਮਿਆਰੀ ਡ੍ਰਿੰਕ ਨੂੰ ਹਜ਼ਮ ਕਰ ਸਕਦਾ ਹੈ ਪਰ ਜੇਕਰ ਤੁਸੀਂ ਜ਼ਿਆਦਾ ਤੇਜ਼ੀ ਨਾਲ ਸ਼ਰਾਬ ਪੀਂਦੇ ਹੋ ਤਾਂ BAC ਜਿੰਨਾ ਉੱਚਾ ਹੋਵੇਗਾ, ਇਹ ਸਰੀਰ ਨੂੰ ਓਨਾ ਹੀ ਜ਼ਿਆਦਾ ਨੁਕਸਾਨ ਪਹੁੰਚਾਏਗਾ। ਇਸ ਲਈ ਕੋਸ਼ਿਸ਼ ਕਰੋ ਕਿ ਇੱਕ ਘੰਟੇ ਵਿੱਚ ਇੱਕ ਤੋਂ ਵੱਧ ਸਟੈਂਡਰਡ ਡਰਿੰਕ ਦਾ ਸੇਵਨ ਨਾ ਕਰੋ।


4. ਸ਼ਰਾਬ ਪੀਣ ਵੇਲੇ ਸ਼ਰਤਾਂ ਤੋਂ ਬਚੋ
ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਸ਼ਰਾਬ ਪੀ ਕੇ ਕੋਈ ਨਾ ਕੋਈ ਸ਼ਰਤ ਲਗਾਉਂਦੇ ਹਨ। ਜਿਵੇਂ, ਬੋਤਲ ਨੂੰ ਇੱਕ ਵਾਰ ਵਿੱਚ ਖਤਮ ਕਰਨਾ, ਕੌਣ ਬੋਤਲ ਨੂੰ ਪਹਿਲਾਂ ਖਤਮ ਕਰੇਗਾ ਜਾਂ ਕੌਣ ਜ਼ਿਆਦਾ ਸ਼ਰਾਬ ਪੀ ਸਕਦਾ ਹੈ, ਆਦਿ। ਅਜਿਹਾ ਕਰਨਾ ਸਰੀਰ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਅਲਕੋਹਲ ਨੂੰ ਐਨਰਜੀ ਡਰਿੰਕਸ ਨਾਲ ਨਾ ਮਿਲਾਓ ਕਿਉਂਕਿ ਇਹ ਤੁਹਾਨੂੰ ਜ਼ਿਆਦਾ ਪੀਣ ਲਈ ਮਜਬੂਰ ਕਰ ਸਕਦਾ ਹੈ।


5. ਸ਼ਰਾਬ ਪੀ ਕੇ ਗੱਡੀ ਨਾ ਚਲਾਓ
ਭਾਰਤ ਵਿੱਚ ਬਲੱਡ ਅਲਕੋਹਲ ਦਾ ਪੱਧਰ (ਬੀਏਸੀ) ਪ੍ਰਤੀ 100 ਮਿਲੀਲੀਟਰ ਖੂਨ ਵਿੱਚ 0.03% ਤੋਂ ਵੱਧ ਨਹੀਂ ਹੋਣਾ ਚਾਹੀਦਾ। ਭਾਵ ਜੇਕਰ ਪ੍ਰਤੀ 100 ਮਿਲੀਲੀਟਰ ਖੂਨ ਵਿੱਚ 30 ਮਿਲੀਗ੍ਰਾਮ ਤੋਂ ਵੱਧ ਅਲਕੋਹਲ ਹੈ ਤਾਂ ਵਿਅਕਤੀ ਗੱਡੀ ਚਲਾ ਕੇ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਪਰ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਸ਼ਰਾਬ ਦਾ ਕੋਈ ਸੁਰੱਖਿਅਤ ਪੱਧਰ ਨਹੀਂ। ਜੇ ਤੁਸੀਂ ਥੋੜ੍ਹੀ ਜਿਹੀ ਸ਼ਰਾਬ ਵੀ ਪੀ ਲਈ ਹੈ, ਤਾਂ ਬਿਲਕੁਲ ਵੀ ਗੱਡੀ ਨਾ ਚਲਾਓ।