ਅੱਜ-ਕੱਲ੍ਹ ਅਸੁਰੱਖਿਅਤ ਸੈਕਸ ਤੋਂ ਬਾਅਦ ਗਰਭ ਅਵਸਥਾ ਦੇ ਖ਼ਤਰੇ ਤੋਂ ਬਚਣ ਲਈ ਜੋੜਿਆਂ ਵਿੱਚ ਐਮਰਜੈਂਸੀ ਗੋਲੀਆਂ ਦਾ ਸੇਵਨ ਕਾਫੀ ਵਧ ਗਿਆ ਹੈ। ਸ਼ਰਮ ਅਤੇ ਝਿਜਕ ਦੇ ਕਾਰਨ ਜ਼ਿਆਦਾਤਰ ਔਰਤਾਂ ਡਾਕਟਰ ਦੀ ਸਲਾਹ ਲਏ ਬਿਨਾਂ ਇਹ ਐਮਰਜੈਂਸੀ ਗੋਲੀਆਂ ਲੈ ਲੈਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਵਿੱਖ ਵਿੱਚ ਕਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਸੁਰੱਖਿਅਤ ਸੈਕਸ ਤੋਂ ਬਾਅਦ ਗਰਭ ਅਵਸਥਾ ਤੋਂ ਬਚਣ ਲਈ ਐਮਰਜੈਂਸੀ ਗੋਲੀ ਜਾਂ ਐਮਰਜੈਂਸੀ ਗਰਭ ਨਿਰੋਧਕ ਗੋਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਗੋਲੀਆਂ ਨੂੰ 24 ਘੰਟਿਆਂ ਦੇ ਅੰਦਰ ਲੈਣਾ ਸਭ ਤੋਂ ਵਧੀਆ ਹੈ, ਪਰ ਇਨ੍ਹਾਂ ਨੂੰ 72 ਘੰਟਿਆਂ ਦੇ ਅੰਦਰ ਲੈ ਕੇ ਵੀ ਗਰਭ ਅਵਸਥਾ ਤੋਂ ਬਚਿਆ ਜਾ ਸਕਦਾ ਹੈ।
ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਔਰਤਾਂ ਐਮਰਜੈਂਸੀ ਗੋਲੀਆਂ ਲੈਣ ਦੇ ਬਾਵਜੂਦ ਗਰਭਵਤੀ ਹੋ ਜਾਂਦੀਆਂ ਹਨ ਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਭੁਗਤਣਾ ਪੈਂਦਾ ਹੈ। ਪ੍ਰਜਨਨ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 5 ਸਾਲਾਂ ਵਿੱਚ 18 ਤੋਂ 30 ਸਾਲ ਦੀਆਂ ਔਰਤਾਂ ਵਿੱਚ ਐਮਰਜੈਂਸੀ ਗੋਲੀਆਂ ਦੀ ਵਰਤੋਂ ਵਿੱਚ 25 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾ ਮਾਤਰਾ 'ਚ ਐਮਰਜੈਂਸੀ ਗੋਲੀਆਂ ਖਾਣ ਨਾਲ ਔਰਤਾਂ ਨੂੰ ਭਵਿੱਖ 'ਚ ਗਰਭ ਧਾਰਨ ਕਰਨ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਜਨਨ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਮੁਟਿਆਰਾਂ ਸੋਚਦੀਆਂ ਹਨ ਕਿ ਐਮਰਜੈਂਸੀ ਗੋਲੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ ਪਰ ਉਹ ਨਹੀਂ ਜਾਣਦੀਆਂ ਕਿ ਇਨ੍ਹਾਂ ਦੀ ਅਸਫਲਤਾ ਦਰ ਬਹੁਤ ਜ਼ਿਆਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਗੋਲੀਆਂ ਗਰਭਪਾਤ ਦੀਆਂ ਗੋਲੀਆਂ ਵਾਂਗ ਕੰਮ ਕਰਦੀਆਂ ਹਨ ਤੇ 100 ਫੀਸਦੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਜਦਕਿ ਅਜਿਹਾ ਨਹੀਂ ਹੈ। ਕੁਝ ਔਰਤਾਂ ਇਹ ਵੀ ਮੰਨਦੀਆਂ ਹਨ ਕਿ ਇਹ ਗੋਲੀਆਂ STI (Sexually transmitted infections) ਤੋਂ ਬਚਾਉਂਦੀਆਂ ਹਨ ਅਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।
ਮਾਹਿਰਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਗੋਲੀਆਂ ਦਾ ਜ਼ਿਆਦਾ ਸੇਵਨ ਹਾਰਮੋਨਲ ਅਸੰਤੁਲਨ, ਅਨਿਯਮਿਤ ਮਾਹਵਾਰੀ ਦੇ ਨਾਲ-ਨਾਲ ਐਕਟੋਪਿਕ ਗਰਭ ਅਵਸਥਾ ਦੇ ਜੋਖਮ ਨੂੰ ਵਧਾਉਂਦਾ ਹੈ। ਮੈਡੀਕਲ ਸਟੋਰਾਂ 'ਚ ਕੰਮ ਕਰਨ ਵਾਲੇ ਫਾਰਮਾਸਿਸਟਾਂ ਦਾ ਵੀ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ 'ਚ ਐਮਰਜੈਂਸੀ ਗੋਲੀਆਂ ਦੀ ਵਿਕਰੀ 'ਚ 10 ਫੀਸਦੀ ਵਾਧਾ ਹੋਇਆ ਹੈ, ਜਿਸ ਦਾ ਇਕ ਮੁੱਖ ਕਾਰਨ ਇੰਟਰਨੈੱਟ ਹੈ।