Health Tips- ਅੱਜ-ਕੱਲ੍ਹ ਦੀ ਤੇਜ਼ ਜੀਵਨ ਸ਼ੈਲੀ ਵਿਚ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਬਹੁਤ ਵਿਗੜ ਗਈਆਂ ਹਨ। ਬਦਲੀਆਂ ਭੋਜਨ ਆਦਤਾਂ ਦਾ ਸਿੱਧਾ ਪ੍ਰਭਾਵ ਸਾਡੀ ਸਿਹਤ ਉੱਤੇ ਪੈ ਰਿਹਾ ਹੈ। ਅੱਜ-ਕੱਲ੍ਹ ਲੋਕਾਂ ਲਈ ਮੋਟਾਪਾ ਇਕ ਵੱਡੀ ਸਮੱਸਿਆ ਬਣ ਰਿਹਾ ਹੈ। 


ਮੋਟਾਪਾ ਅੱਗੋਂ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਿਹਤਮੰਦ ਰਹਿਣ ਲਈ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਦੇ ਲਈ ਚੰਗੀ ਡਾਇਟ ਤੋਂ ਇਲਾਵਾ ਭੋਜਨ ਨੂੰ ਸਹੀ ਸਮੇਂ ਉੱਤੇ ਖਾਣਾ ਵੀ ਲਾਜ਼ਮੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਤ ਦਾ ਭੋਜਨ ਕਰਨ ਦਾ ਸਹੀ ਸਮਾਂ ਕੀ ਹੈ।



ਦੱਸ ਦਈਏ ਕਿ ਰਾਤ ਦਾ ਖਾਣੇ ਦਾ ਸਬੰਧੀ ਸਾਡੀ ਨੀਂਦ ਨਾਲ ਜੁੜਿਆ ਹੋਇਆ ਹੈ। ਜੇਕਰ ਅਸੀਂ ਰਾਤ ਦਾ ਖਾਣਾ ਬਹੁਤ ਲੇਟ ਖਾਂਦੇ ਹਾਂ, ਤਾਂ ਇਸ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ। ਆਯੁਰਵੈਦ ਅਤੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਦਾ ਖਾਣਾ 6 ਵਜੇ ਤੱਕ ਖਾ ਲੈਣਾ ਚਾਹੀਦਾ ਹੈ।


ਦਫਤਰ 'ਚ ਦੇਰੀ ਨਾਲ ਕੰਮ ਕਰਨ ਜਾਂ ਕਿਸੇ ਹੋਰ ਕਾਰਨ ਕਰਕੇ ਲੋਕ ਅਕਸਰ ਘਰ ਦੇਰੀ ਨਾਲ ਆਉਂਦੇ ਹਨ। ਟੀਵੀ ਦੇਖਣ ਅਤੇ ਮੋਬਾਈਲ ਦੀ ਵਰਤੋਂ ਵਿਚ ਰੁੱਝੇ ਹੋਣ ਕਾਰਨ ਰਾਤ ਦਾ ਖਾਣਾ ਸਮੇਂ ਸਿਰ ਨਹੀਂ ਖਾਂਦੇ। ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਦਾ ਖਾਣਾ ਸਹੀ ਸਮੇਂ 'ਤੇ ਖਾਣਾ ਬਹੁਤ ਜ਼ਰੂਰੀ ਹੈ। ਇਸ ਵਿਚ ਲਾਪਰਵਾਹੀ ਕਾਰਨ ਖਾਣਾ ਪਚਾਉਣ ਵਿਚ ਸਮੱਸਿਆ ਆਉਂਦੀ ਹੈ ਅਤੇ ਰਾਤ ਦੀ ਨੀਂਦ ਵੀ ਖਰਾਬ ਹੁੰਦੀ ਹੈ।


ਇਸ ਦੇ ਨਾਲ ਹੀ ਕੁਝ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿੰ ਭੋਜਨ ਦੇ ਸਮੇਂ ਨਾਲੋਂ ਵੱਧ ਧਿਆਨ ਭੋਜਨ ਦੀ ਗੁਣਵੱਤਾ ਉੱਤੇ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਤ ਦੇ ਭੋਜਨ ਵਿਚ ਕੁਝ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਸਿਹਤ ਮਾਹਿਰਾਂ ਅਨੁਸਾਰ ਸਵੇਰ ਦਾ ਨਾਸ਼ਤਾ ਭਾਰੀ ਅਤੇ ਰਾਤ ਦਾ ਖਾਣਾ ਬਹੁਤ ਹਲਕਾ ਹੋਣਾ ਚਾਹੀਦਾ ਹੈ। ਇਸ ਨਾਲ ਮੈਟਾਬੋਲਿਜ਼ਮ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। 


ਦਰਅਸਲ, ਰਾਤ ਦੇ ਸਮੇਂ ਭਾਰੀ ਭੋਜਨ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸਾਨੂੰ ਰਾਤ ਦਾ ਖਾਣਾ ਖਾਣ ਵਿਚ ਬਹੁਤੀ ਦੇਰ ਨਹੀਂ ਕਰਨੀ ਚਾਹੀਦੀ। ਰਾਤ ਨੂੰ ਦੇਰੀ ਨਾਲ ਖਾਣਾ ਖਾਣ ਕਰਕੇ ਸਾਡੀ ਸਿਹਤ ਤੇ ਨੀਂਦ ਦੋਵੇਂ ਪ੍ਰਭਾਵਿਤ ਹੁੰਦੀਆਂ ਹਨ। 


ਮਾਹਿਰਾਂ ਅਨੁਸਾਰ ਰਾਤ ਦੇ ਖਾਣੇ ਅਤੇ ਨੀਂਦ ਵਿੱਚ ਘੱਟੋ-ਘੱਟ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਰਾਤ ਦੇ ਖਾਣੇ ਵਿਚ ਰੋਟੀ, ਦਾਲ, ਮਿਕਸਡ ਸਬਜ਼ੀਆਂ, ਸਲਾਦ ਅਤੇ ਪੱਤੇਦਾਰ ਹਰੀਆਂ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਦੇ ਇਲਾਵਾ ਦਾਲ ਤੋਂ ਬਣੀ ਖਿਚੜੀ, ਦਾਲ ਦਾ ਸੂਪ, ਸਬਜ਼ੀਆਂ ਦਾ ਸਲਾਦ, ਓਟਸ ਅਤੇ ਦਲੀਆ ਰਾਤ ਦੇ ਖਾਣੇ ਲਈ ਵਧੀਆ ਵਿਕਲਪ ਹਨ।


ਜ਼ਿਕਯੋਗ ਹੈ ਕਿ ਰਾਤ ਦੇ ਸਮੇਂ ਚਾਹ ਜਾਂ ਕੌਫੀ ਦਾ ਸੇਵਨ ਸਾਡੀ ਸਿਹਤ ਲਈ ਠੀਕ ਨਹੀਂ ਹੈ। ਚਾਹ ਜਾਂ ਕੌਫੀ ਵਿਚ ਕੈਫੀਨ ਹੁੰਦੀ ਹੈ, ਜੋ ਕਿ ਸਾਨੂੰ ਜਾਗਣ ਵਿਚ ਮਦਦ ਕਰਦੀ ਹੈ। ਇਸ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ।


(Disclaimer- ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)