How Alcohol Affects Nerves Health: ਹਰ ਬੋਤਲ 'ਤੇ ਲਿਖਿਆ ਹੁੰਦਾ ਹੈ ਕਿ 'ਸ਼ਰਾਬ ਸਿਹਤ ਲਈ ਹਾਨੀਕਾਰਕ' ਹੈ। ਇਸ ਦੇ ਬਾਵਜੂਦ ਲੋਕ ਰੋਜ਼ਾਨਾ ਲੱਖਾਂ-ਕਰੋੜਾਂ ਬੋਤਲਾਂ ਡਕਾਰ ਜਾਂਦੇ ਹਨ। ਆਮ ਤੌਰ ਮੰਨਿਆ ਜਾਂਦਾ ਹੈ ਕਿ ਸ਼ਰਾਬ ਸਹੀ ਮਾਤਰਾ ਵਿੱਚ ਪੀਤੀ ਜਾਵੇ ਤਾਂ ਨੁਕਸਾਨ ਨਹੀਂ ਹੁੰਦਾ ਪਰ ਤਾਜ਼ਾ ਖੋਜਾਂ ਵਿੱਚ ਖੁਲਾਸਾ ਹੋਇਆ ਹੈ ਕਿ ਥੋੜ੍ਹੀ ਮਾਤਰਾ ਲਗਾਤਾਰ ਸ਼ਰਾਬ ਪੀਣ ਨਾਲ ਵੀ ਸਿਹਤ ਨੂੰ ਵੱਡਾ ਨੁਕਸਾਨ ਹੁੰਦਾ ਹੈ। 



ਡਾਕਟਰ ਅਕਸਰ ਚੇਤਾਵਨੀ ਦਿੰਦੇ ਹਨ ਕਿ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋ ਜਾਏਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀਣ ਨਾਲ ਨਾ ਸਿਰਫ ਤੁਹਾਡੇ ਲੀਵਰ, ਬਲਕਿ ਤੁਹਾਡੇ ਨਰਵ ਸਿਸਟਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇੰਨਾ ਹੀ ਨਹੀਂ, ਇਹ ਆਦਤ ਲੰਬੇ ਸਮੇਂ ਤੱਕ ਤੁਹਾਡੀਆਂ ਨਸਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਤੁਹਾਡੀ ਸਮੁੱਚੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ। 



ਦਰਅਸਲ ਦਿਮਾਗੀ ਪ੍ਰਣਾਲੀ ਰਾਹੀਂ ਸਾਡਾ ਦਿਮਾਗ ਪੂਰੇ ਸਰੀਰ ਨੂੰ ਪ੍ਰਤੀਕਿਰਿਆ ਕਰਨ ਦਾ ਹੁਕਮ ਦਿੰਦਾ ਹੈ। ਜੇਕਰ ਤੁਹਾਡੀ ਦਿਮਾਗੀ ਪ੍ਰਣਾਲੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ, ਤਾਂ ਇਹ ਅਧਰੰਗ ਵਰਗੀ ਸਥਿਤੀ ਦਾ ਕਾਰਨ ਵੀ ਬਣ ਸਕਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ਰਾਬ ਦਿਮਾਗੀ ਪ੍ਰਣਾਲੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਤੇ ਸਾਡੀਆਂ ਨਸਾਂ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ? ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।



ਸ਼ਰਾਬ ਨਸਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ?
ਡਾਕਟਰਾਂ ਅਨੁਸਾਰ, "ਇਹ ਸੱਚ ਹੈ ਕਿ ਸ਼ਰਾਬ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗੀ ਪ੍ਰਣਾਲੀ ਤੇ ਨਸਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅਲਕੋਹਲ ਇੰਡਿਊਸਡ ਨਿਊਰੋਪੈਥੀ (Alcohol Induced Neuropathy) ਇਸ ਦੀ ਇੱਕ ਵੱਡੀ ਉਦਾਹਰਣ ਹੈ। ਜਦੋਂ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ, ਤਾਂ ਇਸ ਵਿੱਚ ਮੌਜੂਦ ਜ਼ਹਿਰੀਲੇ ਤੱਤ ਸਾਡੀਆਂ ਨਸਾਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾ ਸਕਦੇ ਹਨ ਤੇ ਇਸ ਨਾਲ ਨਰਵ ਡੈਮੇਜ਼ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।"



ਇਸ ਤੋਂ ਇਲਾਵਾ, ਜਦੋਂ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ, ਤਾਂ ਇਹ ਸਰੀਰ ਵਿੱਚ ਵਿਟਾਮਿਨ ਬੀ1, ਬੀ12 ਵਰਗੇ ਬੀ ਵਿਟਾਮਿਨਾਂ ਦੇ ਅਵਸ਼ੋਸ਼ਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਰੀਰ ਵਿੱਚ ਇਨ੍ਹਾਂ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ। ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਨਿਊਰੋਪੈਥੀ ਭਾਵ ਨਰਵ ਡੈਮੇਜ਼ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦੀਆਂ ਨਸਾਂ ਨੂੰ ਸ਼ਰਾਬ ਪੀਣ ਨਾਲ ਨੁਕਸਾਨ ਹੋ ਰਿਹਾ ਹੈ, ਤਾਂ ਉਸ ਦੇ ਸਰੀਰ ਵਿੱਚ ਬਹੁਤ ਸਾਰੇ ਸੰਕੇਤ ਤੇ ਲੱਛਣ ਦੇਖੇ ਜਾ ਸਕਦੇ ਹਨ, ਜਿਵੇਂ ਕਿ ਪੈਰਾਂ ਵਿੱਚ ਜਲਨ ਜਾਂ ਪੈਰਾਂ ਵਿੱਚ ਜਲਨ ਦੇ ਨਾਲ-ਨਾਲ ਸੁੰਨ ਹੋਣਾ, ਸੂਈਆਂ ਚੁੱਭਣ ਤੇ ਝਰਨਾਹਟ ਵੀ ਮਹਿਸੂਸ ਹੋ ਸਕਦੀ ਹੈ।


ਡਾਕਟਰ ਕੀ ਸਿਫਾਰਸ਼ ਕਰਦੇ?
ਜੇਕਰ ਕੋਈ ਵਿਅਕਤੀ ਨਿਯਮਿਤ ਤੌਰ 'ਤੇ ਸ਼ਰਾਬ ਦਾ ਸੇਵਨ ਕਰਦਾ ਹੈ ਤੇ ਉਸ ਦੇ ਪੈਰਾਂ ਵਿੱਚ ਉਪਰੋਕਤ ਲੱਛਣ ਆਮ ਨਾਲੋਂ ਜ਼ਿਆਦਾ ਵਾਰ ਨਜ਼ਰ ਆਉਂਦੇ ਹਨ, ਤਾਂ ਉਸ ਨੂੰ ਅਜਿਹੀ ਸਥਿਤੀ ਵਿਚ ਸਿੱਧੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਨਾਲ ਸਮੇਂ 'ਤੇ ਸਥਿਤੀ 'ਤੇ ਕਾਬੂ ਪਾਇਆ ਜਾ ਸਕਦਾ ਹੈ, ਕਿਉਂਕਿ ਜੇਕਰ ਉਹ ਲੰਬੇ ਸਮੇਂ ਤੱਕ ਕੋਈ ਇਲਾਜ ਨਹੀਂ ਕਰਦੇ ਤੇ ਸ਼ਰਾਬ ਦਾ ਸੇਵਨ ਕਰਦੇ ਰਹਿੰਦੇ ਹਨ, ਤਾਂ ਇਹ ਤੁਹਾਡੇ ਨਰਵਸ ਸਿਸਟਮ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।