Chandipura virus alert- ਭਾਰਤ ਵਿਚ ਇਨ੍ਹੀਂ ਦਿਨੀਂ ਇਕ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਵਿਚ ਪਿਛਲੇ ਕੁਝ ਸਮੇਂ ਤੋਂ ਚਾਂਦੀਪੁਰਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਹੁਣ ਇਸ ਕਾਰਨ ਜ਼ਿਲ੍ਹੇ ਵਿੱਚ 6 ਮੌਤਾਂ ਹੋ ਚੁੱਕੀਆਂ ਹਨ।



ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ਵਿਚ ਚਾਂਦੀਪੁਰਾ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ। ਉਦੈਪੁਰ ਦੇ ਆਦਿਵਾਸੀ ਖੇਤਰ ਦੇ 2 ਬੱਚਿਆਂ ਵਿੱਚ ਇਹ ਲੱਛਣ ਪਾਏ ਗਏ। ਜਿਸ ਵਿੱਚੋਂ ਇੱਕ ਬੱਚੇ ਦੀ ਗੁਜਰਾਤ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। 


ਇੱਕ ਹੋਰ 4 ਸਾਲ ਦਾ ਮਾਸੂਮ ਬੱਚਾ ਇਸ ਵਾਇਰਸ ਦੀ ਲਪੇਟ ਵਿੱਚ ਹੈ। ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਾਹਿਰਾਂ ਅਨੁਸਾਰ ਇਹ ਵਾਇਰਸ ਸਿੱਧਾ ਦਿਮਾਗ ‘ਤੇ ਹਮਲਾ ਕਰਦਾ ਹੈ। ਪਹਿਲਾਂ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਫਿਰ ਬੱਚਾ ਕੋਮਾ ਵਿੱਚ ਚਲਾ ਜਾਂਦਾ ਹੈ। ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਦੀ ਟੀਮ ਉਨ੍ਹਾਂ ਦੇ ਪਿੰਡ ਜਾ ਕੇ ਹੋਰ ਬੱਚਿਆਂ ਦੇ ਸੈਂਪਲ ਲੈ ਰਹੀ ਸੀ। 



ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲੈਬ ‘ਚ ਭੇਜੇ 
ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਪੁਣੇ ਦੀ ਲੈਬ ‘ਚ ਭੇਜੇ ਜਾ ਰਹੇ ਹਨ। ਸਿਹਤ ਵਿਭਾਗ ਦੇ ਹਵਾਲੇ ਨਾਲ ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਦੇ ਚਾਂਦੀਪੁਰਾ ਪਿੰਡ ‘ਚ ਸਾਲ 1965 ‘ਚ ਚਾਂਦੀਪੁਰਾ ਵਾਇਰਸ ਫੈਲਿਆ ਸੀ। ਉਥੋਂ ਇਸ ਦਾ ਨਾਂ ਚਾਂਦੀਪੁਰਾ ਵਾਇਰਸ ਪਿਆ। ਇਹ ਵਾਇਰਸ ਬਰਸਾਤ ਦੌਰਾਨ ਮੱਛਰਾਂ ਅਤੇ ਮੱਖੀਆਂ ਰਾਹੀਂ ਫੈਲਦਾ ਹੈ। ਇਹ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਨੇ ਗੁਜਰਾਤ ਨਾਲ ਲੱਗਦੇ ਸਰਹੱਦੀ ਇਲਾਕਿਆਂ ‘ਚ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।


ਦੱਸ ਦਈਏ ਕਿ 27 ਜੂਨ ਨੂੰ ਉਦੈਪੁਰ ਦੇ ਕਬਾਇਲੀ ਖੇਤਰ ਦੇ ਨਯਾਖੰਡ ਨੇੜੇ ਬਲਿਚਾ ਪਿੰਡ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ। ਹਾਲਾਂਕਿ ਉਦੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਜਦੋਂ ਗੁਜਰਾਤ ਵਿੱਚ ਕੁਝ ਬੱਚਿਆਂ ਦੀ ਮੌਤ ਹੋਈ ਤਾਂ ਉਨ੍ਹਾਂ ਵਿੱਚ ਚਾਂਦੀਪੁਰਾ ਵਾਇਰਸ ਦੇ ਲੱਛਣ ਪਾਏ ਗਏ। 


ਇਸ ਤੋਂ ਬਾਅਦ ਜਦੋਂ ਉਦੈਪੁਰ ਵਿੱਚ ਇੱਕ ਹੋਰ ਬੱਚੇ ਦੀ ਮੌਤ ਹੋਈ ਤਾਂ ਪਤਾ ਲੱਗਾ ਕਿ ਉਸ ਵਿੱਚ ਵੀ ਚਾਂਦੀਪੁਰਾ ਦੇ ਲੱਛਣ ਸਨ। ਚਾਂਦੀਪੁਰਾ ਵਾਇਰਸ ਕਾਰਨ ਮੌਤਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੇ ਕਬਾਇਲੀ ਖੇਤਰ ਵਿੱਚ ਹਲਚਲ ਮਚਾ ਦਿੱਤੀ ਹੈ।



ਕਿੰਨਾ ਖਤਰਨਾਕ ਹੈ ਇਹ ਵਾਇਰਸ?


ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ ਵਿਚ ਇਸ ਦੇ ਲੱਛਣ ਤੇਜ਼ੀ ਨਾਲ ਵਧ ਸਕਦੇ ਹਨ। ਇਹ ਸ਼ੁਰੂਆਤ ਦੇ ਪਹਿਲੇ 24 ਘੰਟਿਆਂ ਦੇ ਅੰਦਰ ਨਿਊਰੋਲੌਜੀਕਲ ਸਮੱਸਿਆਵਾਂ ਅਤੇ ਸੰਭਾਵੀ ਤੌਰ ਉਤੇ ਘਾਤਕ ਆਟੋਇਮਿਊਨ ਇਨਸੇਫਲਾਈਟਿਸ ਦਾ ਕਾਰਨ ਬਣ ਸਕਦਾ ਹੈ। ਇਸ ਬਿਮਾਰੀ ਦੇ ਗੰਭੀਰ ਮਾਮਲਿਆਂ ਵਿੱਚ ਮੌਤ ਦਰ 56% ਤੋਂ 75% ਤੱਕ ਦਿਖਾਈ ਗਈ ਹੈ।


ਚਾਂਦੀਪੁਰਾ ਵਾਇਰਸ ਦੇ ਲੱਛਣ
ਚਾਂਦੀਪੁਰਾ ਵਾਇਰਸ ਰੋਗ ਅਕਸਰ ਤੇਜ਼ ਬੁਖਾਰ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਪੀੜਤ ਨੂੰ ਬੁਖਾਰ ਦੇ ਬਾਅਦ ਦੌਰੇ, ਦਸਤ ਅਤੇ ਉਲਟੀਆਂ ਵਰਗੇ ਲੱਛਣਾਂ ਦਾ ਅਨੁਭਵ ਹੁੰਦਾ ਹੈ। ਅਜਿਹੇ 'ਚ ਜੇਕਰ ਇਸ ਪ੍ਰਤੀ ਜਾਗਰੂਕਤਾ ਘੱਟ ਹੋਵੇ ਤਾਂ ਇਹ ਮੌਤ ਦਾ ਕਾਰਨ ਬਣ ਸਕਦੀ ਹੈ।


ਚਾਂਦੀਪੁਰਾ ਵਾਇਰਸ ਦਾ ਇਲਾਜ
ਇਸ ਖ਼ਤਰਨਾਕ ਵਾਇਰਸ ਦਾ ਕੋਈ ਖਾਸ ਇਲਾਜ ਨਹੀਂ ਹੈ ਪਰ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਹਸਪਤਾਲ ਵਿਚ ਦਾਖ਼ਲ ਹੋਣ ਦੇ ਨਾਲ-ਨਾਲ ਹੋਰ ਲੱਛਣਾਂ ਤੋਂ ਰਾਹਤ ਦਿਵਾਉਣ ਲਈ ਸਹੀ ਇਲਾਜ ਕੀਤਾ ਜਾ ਸਕਦਾ ਹੈ।


ਕਿਵੇਂ ਕਰੀਏ ਬਚਾਅ


ਇਸ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਮੱਛਰਾਂ ਤੋਂ ਬਚਣਾ ਜ਼ਰੂਰੀ ਹੈ। ਮੱਛਰ ਸਿਰਫ਼ ਚਾਂਦੀਪੁਰਾ ਵਾਇਰਸ ਹੀ ਨਹੀਂ ਸਗੋਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ ਵਿੱਚ ਆਪਣੇ ਘਰ ਨੂੰ ਸਾਫ਼ ਰੱਖਣਾ ਅਤੇ ਮੱਛਰ ਦੇ ਕੱਟਣ ਤੋਂ ਆਪਣੇ ਅਤੇ ਆਪਣੇ ਬੱਚਿਆਂ ਨੂੰ ਬਚਾਉਣਾ ਜ਼ਰੂਰੀ ਹੈ।