Constipation problem- ਅੱਜਕਲ੍ਹ ਵੱਡੀ ਗਿਣਤੀ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਸਾਡਾ ਖਾਣਪੀਣ ਤੇ ਜੀਵਨ ਜਿਉਣ ਦਾ ਢੰਗ ਹੀ ਅਜਿਹਾ ਹੋ ਗਿਆ ਹੈ, ਜੋ ਅਜਿਹੀਆਂ ਸਰੀਰਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕਬਜ਼ ਦੇ ਕਾਰਨ ਜਦ ਮਲ ਤਿਆਗ ਨਹੀਂ ਹੁੰਦਾ ਤਾਂ ਇਹ ਸਥਿਤੀ ਅੱਗੇ ਹੋਰਨਾਂ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ।
ਸਰੀਰ ਵਿਚੋਂ ਮਲ ਤਿਆਗ ਨਾਲ ਹੋਣ ਕਾਰਨ ਪੇਟ ਦੀਆਂ ਸਮੱਸਿਆਵਾਂ, ਸਰੀਰਕ ਗਰਮੀ ਤੇ ਮਾਨਸਿਕ ਤਣਾਅ ਆਦਿ ਵੀ ਹੁੰਦੇ ਹਨ। ਪਰ ਕਬਜ਼ ਦੀ ਸਮੱਸਿਆ ਕੋਈ ਵੱਡੀ ਨਹੀਂ ਹੈ, ਜੇਕਰ ਅਸੀਂ ਇਸ ਦੇ ਸਹੀ ਕਾਰਨ ਨੂੰ ਲੱਭ ਲਈਏ ਤਾਂ ਹੱਲ ਵੀ ਕੀਤਾ ਜਾ ਸਕਦਾ ਹੈ। ਆਓ ਦੱਸੀਏ ਕਿ ਕਬਜ਼ ਹੋਣ ਆਮ ਕਾਰਨ ਕਿਹੜੇ ਹੁੰਦੇ ਹਨ -
ਫਾਇਬਰ ਦੀ ਕਮੀ
ਸਾਡਾ ਭੋਜਨ ਵੰਨ ਸੁਵੰਨੇ ਤੱਤਾਂ ਦਾ ਮੇਲ ਹੋਣਾ ਚਾਹੀਦਾ ਹੈ। ਪਰ ਜੇਕਰ ਅਸੀਂ ਇਕ ਹੀ ਤਰ੍ਹਾਂ ਦਾ ਭੋਜਨ ਖਾਈਏ ਤਾਂ ਲੋੜੀਂਦੀ ਤੱਤ ਘਟਣ ਲਗਦੇ ਹਨ। ਅਜਿਹਾ ਹੀ ਤੱਤ ਫਾਈਬਰ ਹੈ। ਜੇਕਰ ਭੋਜਨ ਵਿਚ ਫਾਈਬਰ ਦੀ ਕਮੀ ਹੋਵੇ ਤਾਂ ਮਨ ਕਠੋਰ ਹੋ ਜਾਂਦਾ ਹੈ। ਇਸ ਨਾਲ ਮਲ ਤਿਆਗ ਵਿਚ ਔਖਿਆਈ ਹੁੰਦੀ ਹੈ।
ਤਰਲ ਦਾ ਘੱਟ ਸੇਵਨ
ਕੁਝ ਲੋਕ ਤਰਲ ਪਦਾਰਥਾਂ ਦਾ ਸੇਵਨ ਬਹੁਤ ਘੱਟ ਕਰਦੇ ਹਨ। ਪਾਣੀ ਦਾ ਭਰਪੂਰ ਮਾਤਰਾ ਵਿਚ ਸੇਵਨ ਬੇਹੱਦ ਜ਼ਰੂਰੀ ਹੁੰਦਾ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਮਲ ਸਖ਼ਤ ਤੇ ਸੁੱਕਣ ਲਗਦਾ ਹੈ। ਜਿਸ ਨਾਲ ਮਲ ਤਿਆਗ ਔਖਾ ਹੋ ਜਾਂਦਾ ਹੈ।
ਸਰੀਰਕ ਗਤੀਵਿਧੀ ਦੀ ਘਾਟ
ਅੱਜਕਲ੍ਹ ਲੋਕਾਂ ਦੇ ਪਾਚਣ ਸੰਬੰਧੀ ਸਮੱਸਿਆ ਦਾ ਇਕ ਵੱਡਾ ਕਾਰਨ ਸਰੀਰਕ ਗਤੀਵਿਧੀ ਦੀ ਕਮੀ ਹੈ। ਬਹੁਤੇ ਲੋਕਾਂ ਦਾ ਨਿੱਤ ਦਾ ਕੰਮ ਬੈਠਣ ਦਾ ਹੁੰਦਾ ਜਾ ਰਿਹਾ ਹੈ। ਚੇਅਰ ਜਾੱਬ ਦੇ ਕਾਰਨ ਭੱਜ ਨੱਠ ਘਟਣ ਲੱਗੀ ਹੈ। ਇਹ ਕਬਜ਼ ਦੀ ਸਮੱਸਿਆ ਦਾ ਵੱਡਾ ਕਾਰਨ ਹੈ।
ਖਾਣ ਪੀਣ ਵਿਚ ਬਦਲਾਅ
ਸਾਡੇ ਰੋਜ਼ਾਨਾ ਦੇ ਖਾਣ ਪੀਣ ਨਾਲ ਸਾਡਾ ਸਰੀਰਕ ਪਾਚਣ ਤੰਤਰ ਜੁੜਿਆ ਹੁੰਦਾ ਹੈ। ਜਦ ਕਦੇ ਖਾਣ ਪੀਣ ਵਿਚ ਅਚਾਨਕ ਬਦਲਾਅ ਹੋ ਜਾਵੇ ਤਾਂ ਇਹ ਵੀ ਕਬਜ਼ ਦਾ ਕਾਰਨ ਬਣ ਸਕਦਾ ਹੈ।
ਮੈਡੀਕਲ ਸਥਿਤੀ
ਕਈ ਵਾਰ ਸਿਹਤ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਕਬਜ਼ ਦਾ ਕਾਰਨ ਬਣਦੀ ਹੈ। ਜਿਵੇਂ ਇਰੀਟੇਬਲ ਬਾਊਲ ਸਿੰਡਰੋਮ (IBS), ਹਾਈਪੋਥਾਈਰਾਈਡਿਜਮ, ਸ਼ੂਗਰ ਆਦਿ ਅਜਿਹੀਆਂ ਮੈਡੀਕਲ ਸਥਿਤੀਆਂ ਹਨ, ਜੋ ਕਬਜ਼ ਦਾ ਕਾਰਨ ਬਣ ਸਕਦੀਆਂ ਹਨ। ਕਿਸੇ ਮੈਡੀਕਲ ਸਥਿਤੀ ਤੋਂ ਬਚਣ ਲਈ ਦਵਾ ਦਾਰੂ ਵੀ ਕਰਨਾ ਪੈਂਦਾ ਹੈ। ਇਹ ਦਵਾਈਆਂ ਵੀ ਕਬਜ਼ ਦਾ ਕਾਰਨ ਬਣਦੀਆਂ ਹਨ।
ਮਾਨਸਿਕ ਤਣਾਅ
ਮਾਨਸਿਕ ਤਣਾਅ ਕਬਜ਼ ਦਾ ਵੱਡਾ ਕਾਰਨ ਬਣਦਾ ਹੈ। ਮਾਨਸਿਕ ਤਣਾਅ ਤੇ ਚਿੰਤਾ ਸਾਡੇ ਪਾਚਣ ਤੰਤਰ ਵਿਚ ਗੜਬੜੀ ਕਰਦੇ ਹਨ। ਇਹ ਨਾਲ ਕਬਜ਼ ਹੋ ਸਕਦੀ ਹੈ।
ਕਬਜ਼ ਤੋਂ ਬਚਾਅ ਦਾ ਤਰੀਕਾ
ਕਬਜ਼ ਤੋਂ ਰਾਹਤ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪਹਿਲਾ ਹੱਲ ਤਾਂ ਕਾਰਨ ਦੀ ਤਲਾਸ਼ ਹੈ। ਆਪਣੀ ਕਬਜ਼ ਦੇ ਕਾਰਨ ਦੀ ਨਿਸ਼ਾਨਦੇਹੀ ਕਰੋ ਤੇ ਇਸ ਦਾ ਉਪਚਾਰ ਕਰੋ।
ਆਮ ਤਰੀਕਾ ਹੈ ਕਿ ਹਰ ਰੋਜ਼ ਸਵੇਰੇ ਉੱਠ ਕੇ ਕੋਸੇ ਪਾਣੀ ਦੇ ਇਕ ਦੋ ਗਿਲਾਸ ਪੀਓ।
ਫਲਾਂ ਵਿਚ ਫਾਈਬਰ ਹੁੰਦਾ ਹੈ, ਇਸ ਲਈ ਫਲ ਖਾਓ।
ਘਰ ਵਿਚ ਬਣਿਆ ਹੋਇਆ ਦਹੀਂ ਖਾਓ।
ਹਰ ਰੋਜ਼ ਪੈਦਲ ਤੁਰੋ ਤੇ ਕਿਸੇ ਨਾ ਕਿਸੇ ਸਰੀਰਕ ਗਤੀਵਿਧੀ ਵਿਚ ਹਿੱਸਾ ਲਵੋ। ਇਸ ਨਾਲ ਕਬਜ਼ ਤੋਂ ਆਰਾਮ ਮਿਲਣ ਲਗਦਾ ਹੈ।