ਨਵੀਂ ਦਿੱਲੀ: ਪਿਛਲੇ ਤਿੰਨ ਤੋਂ ਚਾਰ ਦਹਾਕਿਆਂ ਦੌਰਾਨ ਮਰਦਾਂ ਦੀ ਔਸਤ ਸਪਰਮ (ਵੀਰਜ ਵਿੱਚ ਸ਼ੁਕਰਾਣੂਆਂ) ਦੀ ਗਿਣਤੀ ਤੇ ਮਿਆਰ ਵਿਸ਼ਵ ਪੱਧਰ ’ਤੇ ਚਿੰਤਾਜਨਕ ਤੌਰ ਉੱਤੇ ਘਟ ਗਏ ਹਨ। ਇਸ ਵੇਲੇ 20 ਮਰਦਾਂ ਵਿੱਚੋਂ ਇੱਕ ਨੂੰ ਪ੍ਰਜਣਨ ਨਾਲ ਜੁੜੀਆਂ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਗਿਣਤੀ ਦੇ ਪਿੱਛੇ ਵਾਤਾਵਰਣ ਦੇ ਪੱਖ ਨੂੰ ਜੋੜਿਆ ਜਾ ਸਕਦਾ ਹੈ, ਜੋ ਕਿਸੇ ਦੇ ਐਂਡੋਕ੍ਰਾਈਨ ਸੰਤੁਲਨ ਵਿੱਚ ਰੁਕਾਵਟ ਪਾਉਂਦਾ ਹੈ।


ਨੌਇਡਾ ਦੇ ਇੱਕ ਹਸਪਤਾਲ ’ਚ ਐਸੋਸੀਏਟ ਡਾਇਰੈਕਟਰ ਫ਼ਰਟੀਲਿਟੀ, ਡਾ. ਸ਼ਵੇਤਾ ਗੋਸਵਾਮੀ ਦਾ ਕਹਿਣਾ ਹੈ ਕਿ  ਮੋਟਾਪਾ ਤੇ ਪਿਤਾ ਬਣਨ ਦੇ ਰੁਝਾਨ ਵਿੱਚ ਦੇਰੀ ਦੇ ਤੇਜ਼ੀ ਨਾਲ ਵਧਦੇ ਮਾਮਲੇ ਵੀ ਕੁਝ ਵੱਡੇ ਕਾਰਨ ਰਹੇ ਹਨ। ਉਨ੍ਹਾਂ ਦੱਸਿਆ ਕਿ ਮਰਦਾਨਾ ਬਾਂਝਪਣ ਉੱਤੇ ਕੋਰੋਨਾ ਮਹਾਮਾਰੀ ਦੇ ਵਾਇਰਸ ਦਾ ਪ੍ਰਭਾਵ ਪੈਣ ਦਾ ਸੰਕੇਤ ਮਿਲਿਆ ਹੈ। ਜਨਵਰੀ 2021 ’ਚ ਪ੍ਰਕਾਸ਼ਿਤ ਇੱਕ ਖੋਜ ਤੋਂ ਪਤਾ ਚੱਲਦਾ ਹੈ ਕਿ ਮਨੁੱਖੀ ਪ੍ਰਜਣਨ ਪ੍ਰਣਾਲੀ ਨੂੰ ਕੋਵਿਡ-19 ਤੋਂ ਸੰਭਾਵੀ ਖ਼ਤਰਾ ਹੋ ਸਕਦਾ ਹੈ।


ਇਸ ਤੋਂ ਇਲਾਵਾ ਵੀਰਜ ਦੀ ਮਾਤਰਾ, ਸ਼ੁਕਰਾਣੂਆਂ ਦੀ ਗਤੀਸ਼ੀਲਤਾ, ਸ਼ੁਕਰਾਣੂਆਂ ਦੀ ਇਕਾਰਗਤਾ, ਸ਼ੁਕਰਾਣੂਆਂ ਦੀ ਗਿਣਤੀ ਵਿੱਚ ਅਹਿਮ ਨੁਕਸਾਨ ਹੋ ਸਕਦਾ ਹੈ। ਡਾ. ਸ਼ਵੇਤਾ ਨੇ ਦੱਸਿਆ ਕਿ ਮਰਦਾਨਾ ਪ੍ਰਜਣਨ ਉੱਤੇ ਵਾਇਰਸ ਦਾ ਹਮਲਾ ਆਮ ਗੱਲ ਹੈ। ਅਜਿਹੇ ਸਬੂਤ ਮਿਲ ਗਏ ਹਨ ਕਿ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਈ ਤਰ੍ਹਾਂ ਦੇ ਵਾਇਰਸ ਮਰਦਾਨਾ ਪ੍ਰਜਣਨ ਸ਼ਕਤੀ ਉੱਤੇ ਅਸਰਅੰਦਾਜ਼ ਹੋ ਸਕਦੇ ਹਨ। ਉਂਝ ਮਰਦਾਨਾ ਬਾਂਝਪਣ ਨਾਲ ਸਬੰਧਤ ਭਰਮਾਂ ਤੇ ਮਿਥਕ ਗੱਲਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।


ਮਿੱਥ 1: ਇੱਕ ਆਮ ਧਾਰਨਾ ਜਾਂ ਮਿੱਥ ਹੈ ਕਿ ਬਾਂਝਪਣ ਤਾਂ ਔਰਤ ਦੀ ਸਮੱਸਿਆ ਹੈ ਤੇ ਮਰਦਾਂ ਦਾ ਇਸ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਾਂਝਪਣ ਮਰਦ ਤੇ ਔਰਤ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਰਦਾਨਾ ਬਾਂਝਪਣ ਮੁੱਖ ਤੌਰ ਉੱਤੇ ਵੀਰਜ ਵਿਚਲੇ ਸ਼ੁਕਰਾਣੀਆਂ ਦੇ ਮਿਆਰ ਤੇ ਮਾਤਰਾ ਉੱਤੇ ਨਿਰਭਰ ਕਰਦਾ ਹੈ। ਖੋਜ ਤੋਂ ਪਤਾ ਚੱਲਿਆ ਹੈ ਕਿ ਪ੍ਰਜਣਨ ਸਬੰਧਤ ਮੁੱਦੇ ਨਾਲ ਮਰਦਾਂ ਦੀ ਦੋ-ਤਿਹਾਈ ਆਬਾਦੀ ਵਿੱਚ ਸ਼ੁਕਰਾਣੂਆਂ ਦੀ ਘੱਟ ਗਿਣਤੀ ਅਤੇ ਉਨ੍ਹਾਂ ਦਾ ਘੱਟ ਮਿਆਰੀ ਹੋਣਾ ਕੁਝ ਵੱਡੇ ਕਾਰਣ ਹਨ।


ਮਿੱਥ 2: ਦੂਜੀ ਆਮ ਧਾਰਨਾ ਇਹ ਵੀ ਹੈ ਕਿ ਜਦੋਂ ਗਰਭਧਾਰਨ ਦੀ ਯੋਜਨਾ ਉਲੀਕਣੀ ਹੋਵੇ, ਤਾਂ ਸਿਰਫ਼ ਔਰਤਾਂ ਨੂੰ ਹੀ ਆਪਣੀ ਸਿਹਤ ਦੀ ਦੇਖਭਾਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਹ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਸ਼ੁਕਰਾਣੀਆਂ ਦਾ ਮਿਆਰ ਵੀ ਓਨਾ ਹੀ ਅਹਿਮ ਹੈ, ਜਿੰਨਾ ਔਰਤ ਦੇ ਆਂਡੇ (ਓਵਮ) ਦਾ ਮਿਆਰ। ਕਈ ਪੱਖਾਂ ਤੇ ਤੱਤਾਂ ਕਾਰਣ ਸ਼ੁਕਰਾਣੂਆਂ ਦਾ ਮਿਆਰ ਪ੍ਰਭਾਵਿਤ ਹੋ ਸਕਦਾ ਹੈ।


ਆਮ ਤੌਰ ਉੱਤੇ ਹੱਦੋਂ ਵੱਧ ਤਮਾਕੂਨੋਸ਼ੀ, ਅਲਕੋਹਲ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਖ਼ਤਰਨਾਕ ਰਸਾਇਣਾਂ ਦੇ ਸੰਪਰਕ ਵਿੱਚ ਆਉਣਾ, ਤੰਗ ਅੰਡਰਵੀਅਰ ਫੈਲਣਾ, ਕਿਸੇ ਸੈਕਸੁਅਲ ਬੀਮਾਰੀ ਕਾਰਨ ਮਰਦਾਨਾ ਬਾਂਝਪਣ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।