Health News : ਅੱਜ-ਕੱਲ੍ਹ ਲੋਕ ਮਨ ਨੂੰ ਸ਼ਾਂਤ ਕਰਨ ਲਈ ਮੋਬਾਈਲ ਦਾ ਸਹਾਰਾ ਲੈਂਦੇ ਹਨ। ਉਹ ਮੋਬਾਈਲ ਵਿੱਚ ਵੈੱਬ ਸੀਰੀਜ਼ ਵੇਖਦੇ ਹਨ। ਉਹ ਇੰਸਟਾਗ੍ਰਾਮ ਦੀਆਂ ਰੀਲਾਂ ਦੇਖਦੇ ਹਨ ਅਤੇ ਜੋ ਵੀ ਪਸੰਦ ਕਰਦੇ ਹਨ ਉਹ ਦੇਖਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਰੀਲਾਂ, ਵੀਡੀਓਜ਼ ਅਤੇ ਵੈੱਬ ਸੀਰੀਜ਼ ਦੇਖ ਕੇ ਸਾਡਾ ਮਨ ਸ਼ਾਂਤ ਰਹਿੰਦਾ ਹੈ। ਜਦੋਂ ਕਿ ਵਿਗਿਆਨ ਦੀ ਦੁਨੀਆ ਨੇ ਇਸ ਨੂੰ ਇੱਕ ਅਜਿਹੀ ਬਿਮਾਰੀ ਨਾਲ ਜੋੜਿਆ ਹੈ, ਜਿਸ ਬਾਰੇ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ। ਸਕ੍ਰੌਲਿੰਗ ਰੀਲਾਂ ਅੱਜ-ਕੱਲ੍ਹ ਇੱਕ ਆਮ ਗੱਲ ਬਣ ਗਈ ਹੈ। ਪਰ ਕੁਝ ਲੋਕ ਵੀਡੀਓ ਦੇਖਣ 'ਚ ਕਈ ਘੰਟੇ ਬਿਤਾਉਂਦੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਹਾਰਵਰਡ ਮੈਡੀਕਲ ਸਕੂਲ ਦੀ ਇੱਕ ਖੋਜ ਅਨੁਸਾਰ ਲੰਬੇ ਸਮੇਂ ਤੱਕ ਰੀਲਾਂ ਅਤੇ ਵੀਡੀਓ ਦੇਖਣ ਨਾਲ ਤੁਸੀਂ ਮਾਸ ਸਾਈਕੋਜੇਨਿਕ ਇਲਨੈਸ (Mass Psychogenic Illness) ਦਾ ਸ਼ਿਕਾਰ ਹੋ ਸਕਦੇ ਹੋ। ਇਸ ਬੀਮਾਰੀ ਦੇ ਸਰੀਰ 'ਚ ਕਈ ਲੱਛਣ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਲੋਕ ਅਕਸਰ ਆਮ ਸਮਝਣ ਦੀ ਗਲਤੀ ਕਰਦੇ ਹਨ, ਜਿਵੇਂ ਕਿ ਕਿਸੇ ਨਾਲ ਗੱਲ ਕਰਦੇ ਸਮੇਂ ਲੱਤਾਂ ਦਾ ਹਿੱਲਣਾ। ਇਹ ਇਸ ਬਿਮਾਰੀ ਦਾ ਪਹਿਲਾ ਲੱਛਣ ਹੈ।
ਹੋ ਸਕਦੈ ADHD
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵੀਡੀਓ ਨੂੰ ਪੂਰੀ ਤਰ੍ਹਾਂ ਨਹੀਂ ਦੇਖ ਸਕਦੇ ਅਤੇ ਲਗਾਤਾਰ ਵੀਡੀਓ ਬਦਲਦੇ ਰਹਿੰਦੇ ਹਨ। ਉਨ੍ਹਾਂ ਲਈ ਇਕ ਵੀਡੀਓ 'ਤੇ ਟਿਕੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਲੋਕਾਂ ਦਾ ਧਿਆਨ ਭਟਕਣ ਲੱਗ ਜਾਂਦਾ ਹੈ ਤੇ ਉਹ ਇਕ ਚੀਜ਼ 'ਤੇ ਧਿਆਨ ਨਹੀਂ ਲਾ ਪਾਉਂਦੇ ਹਨ। ਇਸ ਸਥਿਤੀ ਨੂੰ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਵਜੋਂ ਜਾਣਿਆ ਜਾਂਦਾ ਹੈ।
ਪਿੱਠ ਅਤੇ ਗਰਦਨ ਦੇ ਦਰਦ
ਇਸ ਤੋਂ ਇਲਾਵਾ ਕੁਝ ਲੋਕ ਦੂਜਿਆਂ ਦੀਆਂ ਪੋਸਟਾਂ 'ਤੇ ਜ਼ਿਆਦਾ ਲਾਈਕਸ, ਵਿਊਜ਼ ਅਤੇ ਕਮੈਂਟਸ ਦੇਖ ਕੇ ਬੇਚੈਨ ਹੋ ਜਾਂਦੇ ਹਨ। ਇਸ ਕਾਰਨ ਕਈ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ ਘੰਟਿਆਂ ਤੱਕ ਮੋਬਾਈਲ ਦੇਖਣ ਨਾਲ ਪਿੱਠ ਅਤੇ ਗਰਦਨ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਕਿਉਂਕਿ ਲੋਕ ਗਰਦਨ ਝੁਕਾ ਕੇ ਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਰੀੜ੍ਹ ਦੀ ਹੱਡੀ 'ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ। ਇੰਨਾ ਹੀ ਨਹੀਂ ਤੁਸੀਂ ਨੀਂਦ ਨਾ ਆਉਣਾ, ਮਾਈਗ੍ਰੇਨ, ਸਿਰਦਰਦ, ਡਿਪ੍ਰੈਸ਼ਨ ਆਦਿ ਸਮੱਸਿਆਵਾਂ ਦਾ ਵੀ ਸ਼ਿਕਾਰ ਹੋ ਸਕਦੇ ਹੋ।