Health Tips: ਮੌਨਸੂਨ ਦੇ ਮੌਸਮ ਵਿੱਚ ਕਈ ਬਿਮਾਰੀਆਂ ਵੀ ਫੈਲਦੀਆਂ ਹਨ। ਬਰਸਾਤ ਦੇ ਮੌਸਮ 'ਚ ਖਾਣ-ਪੀਣ ਦੀਆਂ ਆਦਤਾਂ 'ਚ ਵੀ ਬਦਲਾਅ ਆਉਂਦਾ ਹੈ ਤੇ ਗਰਮਾ-ਗਰਮ ਪਕੌੜੇ, ਚਟਪਟੀਆਂ ਚੀਜ਼ਾਂ ਤੇ ਛੱਲੀਆਂ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਮਨ ਲੋਚਦਾ ਹੈ। ਦੂਜੇ ਪਾਸੇ ਇਹ ਆਦਤਾਂ ਤੁਹਾਡੀਆਂ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਮੌਸਮ ਪਾਚਨ ਕ੍ਰਿਆ ਨੂੰ ਮੱਠਾ ਕਰ ਦਿੰਦਾ ਹੈ, ਜਿਸ ਕਾਰਨ ਪੇਟ ਨਾਲ ਜੁੜੀਆਂ ਬਿਮਾਰੀਆਂ ਪ੍ਰੇਸ਼ਾਨ ਕਰ ਸਕਦੀਆਂ ਹਨ। ਆਓ ਜਾਣਦੇ ਹਾਂ-
ਟਾਈਫਾਈਡ ਤੇ ਪੀਲੀਆ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ-ਏ ਤੇ ਹੈਪੇਟਾਈਟਸ-ਈ ਨਾਮ ਦੇ ਵਾਇਰਸ ਮਾਨਸੂਨ ਵਿੱਚ ਸਭ ਤੋਂ ਵੱਧ ਸਰਗਰਮ ਹੁੰਦੇ ਹਨ। ਇਸ ਕਾਰਨ ਅੰਤੜੀਆਂ 'ਚ ਇਨਫੈਕਸ਼ਨ ਹੋ ਸਕਦੀ ਹੈ। ਇਸ ਮੌਸਮ ਵਿੱਚ ਪੀਲੀਆ ਯਾਨੀ ਹੈਪੇਟਾਈਟਸ ਦਾ ਖਤਰਾ ਵਧ ਜਾਂਦਾ ਹੈ।
ਅਕਸਰ ਕੁਝ ਲੋਕ ਬਾਹਰ ਦਾ ਭੋਜਨ ਖਾਣ ਨਾਲ ਉਲਟੀਆਂ, ਹੈਜ਼ੇ, ਬੁਖਾਰ ਤੇ ਲੂਜ਼ ਮੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨੂੰ ਤੀਬਰ ਗੈਸਟ੍ਰੋਐਂਟਰਾਇਟਿਸ ਕਿਹਾ ਜਾਂਦਾ ਹੈ। ਇਸ ਵਿੱਚ ਅੰਤੜੀਆਂ ਵਿੱਚ ਸੋਜ ਹੁੰਦੀ ਹੈ। ਸਾਲਮੋਨੇਲਾ ਨਾਂ ਦੇ ਬੈਕਟੀਰੀਆ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਨੂੰ ਟਾਈਫਾਈਡ ਹੋ ਸਕਦਾ ਹੈ।
ਫੂਡ ਪੋਇਜ਼ਨਿੰਗ ਦਾ ਖਤਰਾ
ਮਾਨਸੂਨ ਦੇ ਮੌਸਮ ਦੌਰਾਨ ਹਵਾ ਨਮੀ ਵਾਲੀ ਹੁੰਦੀ ਹੈ। ਇਹ ਬੈਕਟੀਰੀਆ ਨੂੰ ਵਧਾਉਂਦੀ ਹੈ। ਇਸ ਨਾਲ ਭੋਜਨ ਨੂੰ ਕੁਝ ਹੀ ਘੰਟਿਆਂ ਵਿੱਚ ਉੱਲੀ ਲੱਗ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸਟਰੀਟ ਫੂਡ ਖਾਂਦੇ ਹੋ ਤਾਂ ਫੂਡ ਪੋਇਜ਼ਨਿੰਗ ਹੋਣ ਦਾ ਖਤਰਾ ਵੱਧ ਜਾਂਦਾ ਹੈ। ਭਾਰਤ ਵਿੱਚ ਜ਼ਿਆਦਾਤਰ ਫੂਡ ਪੋਇਜ਼ਨਿੰਗ ਐਂਟੀਅਮੀਬਾ ਬੈਕਟੀਰੀਆ, Campylobacter ਬੈਕਟੀਰੀਆ, ਸਾਲਮੋਨੇਲਾ ਬੈਕਟੀਰੀਆ, ਈ ਕੋਲਾਈ ਬੈਕਟੀਰੀਆ ਤੇ ਨੋਰੋਵਾਇਰਸ ਕਾਰਨ ਹੁੰਦੀ ਹੈ। ਇਹ ਬੈਕਟੀਰੀਆ ਦੂਸ਼ਿਤ ਪਾਣੀ ਤੇ ਭੋਜਨ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ।
ਦੁੱਧ ਤੇ ਦਹੀਂ ਨੂੰ 24 ਘੰਟਿਆਂ ਤੋਂ ਵੱਧ ਫਰਿੱਜ 'ਚ ਨਾ ਰੱਖੋ
ਲੋਕ ਗੁੰਨ੍ਹਿਆ ਹੋਏ ਆਟੇ, ਦੁੱਧ, ਦਹੀਂ ਨੂੰ ਕਈ-ਕਈ ਦਿਨ ਫਰਿੱਜ 'ਚ ਰੱਖਦੇ ਹਨ ਜੋ ਗਲਤ ਹੈ। ਦੁੱਧ ਨੂੰ ਛੱਡ ਕੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ 24 ਘੰਟੇ ਹੀ ਫਰਿੱਜ 'ਚ ਰੱਖੋ। ਉਸ ਤੋਂ ਬਾਅਦ ਇਹ ਖਰਾਬ ਹੋ ਜਾਂਦੀਆਂ ਹਨ। ਦੁੱਧ, ਦਹੀਂ, ਮੱਖਣ ਆਦਿ ਤੁਰੰਤ ਵਰਤਣਾ ਬਿਹਤਰ ਹੈ।
ਮੌਨਸੂਨ 'ਚ ਆਈਸਕ੍ਰੀਮ ਕਰ ਸਕਦੀ ਬਿਮਾਰ
ਮਿੱਠਾ ਖਾਣ ਨਾਲ ਬਾਡੀ ਇਨਫੈਕਸ਼ਨ ਵਧਦੀ ਹੈ ਤੇ ਅੰਤੜੀਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ 'ਚ ਖਾਸ ਤੌਰ 'ਤੇ ਆਈਸਕ੍ਰੀਮ ਨਹੀਂ ਖਾਣੀ ਚਾਹੀਦੀ। ਇਸ ਦੇ ਪਿੱਛੇ ਦਾ ਕਾਰਨ ਸਫਾਈ ਹੈ। ਕੋਈ ਨਹੀਂ ਜਾਣਦਾ ਕਿ ਆਈਸਕ੍ਰੀਮ ਨੂੰ ਕਿੰਨੇ ਦਿਨ ਤੇ ਕਿਸ ਤਾਪਮਾਨ 'ਤੇ ਰੱਖਿਆ ਗਿਆ ਹੈ।
ਕਈ ਵਾਰ ਆਈਸ ਕਰੀਮ ਪਿਘਲਣ ਮਗਰੋਂ ਫਿਰ ਦੁਬਾਰਾ ਫ੍ਰੀਜ਼ ਕੀਤੀ ਜਾਂਦੀ ਹੈ। ਇਸ ਦੌਰਾਨ ਨਮੀ ਕਾਰਨ ਇਸ ਵਿੱਚ ਬੈਕਟੀਰੀਆ ਬਣ ਸਕਦੇ ਹਨ। ਇਸੇ ਲਈ ਬਰਸਾਤ ਦੇ ਮੌਸਮ ਵਿੱਚ ਆਈਸਕ੍ਰੀਮ ਨਹੀਂ ਖਾਣੀ ਚਾਹੀਦੀ। ਅਜਿਹੇ ਮੌਸਮ ਵਿੱਚ ਜੇਕਰ ਕੋਈ ਵਿਅਕਤੀ ਡਾਇਰੀਆ ਦਾ ਸ਼ਿਕਾਰ ਹੁੰਦਾ ਹੈ ਤਾਂ ਦੁੱਧ ਤੇ ਆਈਸਕ੍ਰੀਮ ਉਸ ਲਈ ਜ਼ਹਿਰ ਹਨ।