Pickles bad for health: ਜੇਕਰ ਤੁਸੀਂ ਵੀ ਰੋਟੀ ਦਾ ਹੋਰ ਆਨੰਦ ਲੈਣ ਲਈ ਅਚਾਰ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਕਈ ਬਿਮਾਰੀਆਂ ਦਾ ਕਾਰਨ ਹੋ ਸਕਦਾ ਹੈ। ਅਕਸਰ ਵੇਖਿਆ ਗਿਆ ਹੈ ਕਿ ਜਾਣੇ-ਅਣਜਾਣੇ ਵਿੱਚ ਕਈ ਲੋਕ ਅਚਾਰ ਖਾ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹ ਸੱਚ ਹੈ ਕਿ ਖਾਣੇ ਦੇ ਨਾਲ ਅਚਾਰ ਲੈਣ ਨਾਲ ਕਿਸੇ ਵੀ ਸਾਦੇ ਭੋਜਨ ਦਾ ਸਵਾਦ ਵੱਧ ਜਾਂਦਾ ਹੈ ਪਰ ਜ਼ਿਆਦਾ ਅਚਾਰ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਦੇ ਨਾਲ ਹੀ ਇਹ ਕਈ ਬਿਮਾਰੀਆਂ ਨੂੰ ਸੱਦਾ ਵੀ ਦਿੰਦਾ ਹੈ।


ਅਚਾਰ ਖਾਣ ਦੀ ਮਨਾਹੀ ਕਿਉਂ?
ਅਚਾਰ ਨੂੰ ਜ਼ਿਆਦਾ ਖਾਣ ਦੀ ਮਨਾਹੀ ਹੈ ਕਿਉਂਕਿ ਜਦੋਂ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਇਸ ਵਿੱਚ ਜ਼ਿਆਦਾ ਮਾਤਰਾ ਵਿੱਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਸਕਦੀ ਹੈ। ਜਿਸ ਕਾਰਨ ਵਿਅਕਤੀ ਨੂੰ ਪਾਣੀ ਦੀ ਕਮੀ, ਪੇਟ ਦੀ ਸੋਜ, ਹਾਈ ਬੀਪੀ ਤੇ ਕਿਡਨੀ ਦੀ ਬੀਮਾਰੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਚਾਰ ਵਿੱਚ ਪਾਇਆ ਜਾਣ ਵਾਲਾ ਸੋਡੀਅਮ ਸਰੀਰ ਵਿੱਚ ਕੈਲਸ਼ੀਅਮ ਨੂੰ ਵੀ ਘਟਾ ਸਕਦਾ ਹੈ ਜਿਸ ਕਾਰਨ ਹੱਡੀਆਂ ਸੁੰਗੜ ਸਕਦੀਆਂ ਹਨ।


ਕੋਲੇਸਟ੍ਰੋਲ ਦੀ ਸਮੱਸਿਆ
ਬਹੁਤ ਜ਼ਿਆਦਾ ਅਚਾਰ ਖਾਣ ਵਾਲੇ ਵਿਅਕਤੀ ਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਅਚਾਰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅਚਾਰ ਲੰਬੇ ਸਮੇਂ ਲਈ ਸਟੋਰ ਕੀਤੇ ਜਾਂਦੇ ਹਨ ਜਿਸ ਲਈ ਬਹੁਤ ਸਾਰਾ ਤੇਲ ਵਰਤਿਆ ਜਾਂਦਾ ਹੈ। ਇਸ ਕਾਰਨ ਜੇਕਰ ਕੋਈ ਵਿਅਕਤੀ ਜ਼ਿਆਦਾ ਤੇਲ ਲੈਂਦਾ ਹੈ ਤਾਂ ਕੋਲੈਸਟ੍ਰਾਲ ਵਧ ਜਾਂਦਾ ਹੈ।



ਹਾਈ ਬਲੱਡ ਪ੍ਰੈਸ਼ਰ
ਬੀਪੀ ਦੇ ਮਰੀਜ਼ਾਂ ਲਈ ਅਚਾਰ ਖਾਣਾ ਜ਼ਹਿਰ ਤੋਂ ਘੱਟ ਨਹੀਂ। ਅਚਾਰ ਵਿੱਚ ਮੌਜੂਦ ਨਮਕ ਬੀਪੀ ਦੇ ਮਰੀਜ਼ ਦੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਕਾਰਨ ਦਿਲ ਦੇ ਰੋਗ ਹੋ ਸਕਦੇ ਹਨ। ਇਸ ਦੇ ਨਾਲ ਹੀ ਖੂਨ ਦੀਆਂ ਨਾੜੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।


ਸੋਜ ਹੋ ਸਕਦੀ
ਜ਼ਿਆਦਾ ਅਚਾਰ ਖਾਣ ਨਾਲ ਸਰੀਰ 'ਚ ਸੋਜ ਆ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਅਚਾਰ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣ ਲਈ ਇਸ 'ਚ ਨਮਕ ਤੇ ਤੇਲ ਮਿਲਾ ਕੇ ਲੰਬੇ ਸਮੇਂ ਤੱਕ ਰੱਖਿਆ ਜਾਂਦਾ ਹੈ। ਬਹੁਤ ਜ਼ਿਆਦਾ ਅਚਾਰ ਖਾਣ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ। ਮੈਟਾਬੋਲਿਜ਼ਮ ਤੇ ਯੂਰਿਕ ਐਸਿਡ ਦੀ ਸਮੱਸਿਆ ਵੀ ਵਧ ਸਕਦੀ ਹੈ।


ਹੱਡੀਆਂ ਨੂੰ ਕਮਜ਼ੋਰ ਕਰਦਾ
ਅਚਾਰ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਕਾਰਨ ਸਰੀਰ ਵਿੱਚ ਕੈਲਸ਼ੀਅਮ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾ ਖੱਟਾ ਭੋਜਨ ਖਾਣ ਵਾਲਿਆਂ ਨੂੰ ਅਕਸਰ ਗਠੀਆ ਤੇ ਜੋੜਾਂ ਦੀ ਸਮੱਸਿਆ ਹੁੰਦੀ ਹੈ।


Disclaimer:  ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।