Anger links heart attack risk: ਅਕਸਰ ਲੋਕ ਛੋਟੀਆਂ-ਛੋਟੀਆਂ ਗੱਲਾਂ ਉਤੇ ਗੁੱਸੇ ਹੋ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਗੁੱਸਾ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ? ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਗੁੱਸਾ ਕਰਨ ਨਾਲ ਤੁਹਾਡੇ ਦਿਲ ਉਤੇ ਅਸਰ ਪੈਂਦਾ ਹੈ। 


ਅਜਿਹੇ 'ਚ ਜੇਕਰ ਤੁਸੀਂ ਕਿਸੇ ਸਮੱਸਿਆ 'ਚ ਫਸੇ ਹੋਏ ਹੋ ਤਾਂ ਗੁੱਸੇ 'ਚ ਆਉਣ ਦੀ ਬਜਾਏ ਸ਼ਾਂਤ ਰਹੋ। ਗੁੱਸਾ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਇਹ ਖੁਲਾਸਾ ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ, ਯੇਲ ਸਕੂਲ ਆਫ਼ ਮੈਡੀਸਨ, ਨਿਊਯਾਰਕ ਦੇ ਸੇਂਟ ਜੌਹਨ ਯੂਨੀਵਰਸਿਟੀ ਅਤੇ ਹੋਰ ਸੰਸਥਾਵਾਂ ਦੁਆਰਾ ਕਰਵਾਏ ਗਏ ਤਾਜ਼ਾ ਖੋਜ ਵਿੱਚ ਹੋਇਆ ਹੈ।


ਗੁੱਸੇ ਅਤੇ ਦਿਲ ਦੇ ਦੌਰੇ ਵਿਚਕਾਰ ਸਬੰਧ
ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਗੁੱਸੇ ਅਤੇ ਦਿਲ ਦੇ ਦੌਰੇ ਦੇ ਵਧੇ ਹੋਏ ਜੋਖਮ ਦੇ ਵਿਚਕਾਰ ਇੱਕ ਸਬੰਧ ਨੂੰ ਦਰਸਾਉਂਦਾ ਹੈ। ਇਹ ਸੁਝਾਅ ਦਿੰਦਾ ਹੈ ਕਿ ਥੋੜ੍ਹੇ ਸਮੇਂ ਲਈ ਗੁੱਸਾ ਵੀ ਦਿਲ ਦੀ ਬਿਮਾਰੀ, ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। 


ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾ ਡਾਈਚੀ ਸ਼ਿੰਬੋ ਨੇ ਕਿਹਾ ਕਿ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਸਿਹਤ ਪਹਿਲਾਂ ਹੀ ਖਰਾਬ ਹੈ, ਉਨ੍ਹਾਂ ਲਈ ਤੀਬਰ ਭਾਵਨਾਵਾਂ ਜ਼ਿਆਦਾ ਖਤਰਨਾਕ ਹੁੰਦੀਆਂ ਹਨ। ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੀਆਂ ਘਟਨਾਵਾਂ ਨੂੰ ਵਧਾ ਸਕਦਾ ਹੈ।


ਦਿਲ 'ਤੇ ਤੀਬਰ ਭਾਵਨਾਵਾਂ ਦਾ ਪ੍ਰਭਾਵ:
ਯੂਨੀਵਰਸਿਟੀ ਕਾਲਜ ਲੰਡਨ ਦੇ ਐਂਡਰਿਊ ਸਟੈਪਟੋ ਨੇ ਕਿਹਾ ਕਿ ਖੂਨ ਦੀਆਂ ਨਾੜੀਆਂ ਦੇ ਕੰਮਕਾਜ ਉਤੇ ਗੁੱਸੇ ਦਾ ਪ੍ਰਭਾਵ ਇਸ ਗੱਲ ਨਾਲ ਮੇਲ ਖਾਂਦਾ ਹੈ ਕਿ ਦਿਲ ਦੇ ਦੌਰੇ ਕਈ ਵਾਰ ਤੀਬਰ ਭਾਵਨਾਵਾਂ ਦੇ ਕਾਰਨ ਹੁੰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਲਈ ਗੁੱਸੇ ਨੂੰ ਕੰਟ੍ਰੋਲ ਕਰਨਾ ਆਸਾਨ ਨਹੀਂ ਹੈ।


280 ਲੋਕਾਂ ਨੂੰ ਕੀਤਾ ਗਿਆ ਸ਼ਾਮਲ
ਖੋਜ ਵਿੱਚ 280 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਅੱਠ ਮਿੰਟ ਤੱਕ ਗੁੱਸੇ, ਉਦਾਸ, ਚਿੰਤਾਜਨਕ ਅਤੇ ਆਮ ਘਟਨਾਵਾਂ ਨੂੰ ਯਾਦ ਕਰਨ ਲਈ ਕਿਹਾ ਗਿਆ। ਇਨ੍ਹਾਂ ਘਟਨਾਵਾਂ ਨੂੰ ਯਾਦ ਕਰਨ ਵਾਲਿਆਂ ਤੋਂ ਵਿਅਕਤੀਗਤ ਖੂਨ ਦੇ ਨਮੂਨੇ ਲਏ ਗਏ ਅਤੇ ਬਲੱਡ ਪ੍ਰੈਸ਼ਰ ਮਾਪਿਆ ਗਿਆ। ਇਹ ਪਾਇਆ ਗਿਆ ਕਿ ਗੁੱਸੇ ਵਾਲੇ ਸਮੂਹ ਦੇ ਮੈਂਬਰਾਂ ਵਿੱਚ ਖੂਨ ਦੀਆਂ ਨਾੜੀਆਂ ਦੇ ਫੈਲਣ ਦੀ ਸਮਰੱਥਾ ਕਾਫ਼ੀ ਘੱਟ ਗਈ ਸੀ। ਇਸ ਦੇ ਨਾਲ ਹੀ ਉਦਾਸੀ ਅਤੇ ਚਿੰਤਾ ਵਰਗੀਆਂ ਘਟਨਾਵਾਂ ਨੂੰ ਯਾਦ ਕਰਨ ਵਾਲੇ ਲੋਕਾਂ ਦੀਆਂ ਖੂਨ ਦੀਆਂ ਨਾੜੀਆਂ 'ਤੇ ਕੋਈ ਅਸਰ ਨਹੀਂ ਹੋਇਆ। ਇਸ ਤੋਂ ਸਪੱਸ਼ਟ ਸੀ ਕਿ ਗੁੱਸੇ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਸਕਦਾ ਹੈ।